post

Jasbeer Singh

(Chief Editor)

Punjab

550 ਏਕੜ ਰਕਬੇ ਨੂੰ ਪਹਿਲੀ ਵਾਰ ਮਿਲੇਗਾ ਸਿੰਚਾਈ ਲਈ ਨਹਿਰੀ ਪਾਣੀ

post-img

550 ਏਕੜ ਰਕਬੇ ਨੂੰ ਪਹਿਲੀ ਵਾਰ ਮਿਲੇਗਾ ਸਿੰਚਾਈ ਲਈ ਨਹਿਰੀ ਪਾਣੀ - ਪਹਿਲਾਂ ਮਿਲਦਾ ਸੀ ਟਿਊਬਵੈੱਲ ਨਾਲ ਪਾਣੀ, ਪਾਣੀ ਡੂੰਘੇ ਹੋਣ ਕਾਰਨ ਹੁਣ ਟਿਊਬਵੈੱਲ ਨਕਾਰਾ ਹੋਏ - ਧੂਰੀ ਹਲਕੇ ਦੇ ਪਿੰਡਾਂ ਸ਼ੇਰਪੁਰ ਅਤੇ ਕਾਲਾਬੂਲਾ ਵਿੱਚ ਸਾਂਝੇ ਮੋਘੇ ਦਾ ਨਿਰਮਾਣ ਕੰਮ ਸ਼ੁਰੂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਰਵਾਈ ਸ਼ੁਰੂਆਤ - 1.91 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਨਾਲ ਕਿਸਾਨਾਂ ਦੀ ਆਰਥਿਕਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਹੋਵੇਗਾ ਅਥਾਹ ਵਾਧਾ ਧੂਰੀ/ਸੰਗਰੂਰ, 29 ਅਪ੍ਰੈਲ 2025 :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਖੇਤ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਨ ਦੀ ਸ਼ੁਰੂ ਕੀਤੀ ਕਵਾਇਦ ਤਹਿਤ ਵਿਧਾਨ ਸਭਾ ਹਲਕਾ ਧੂਰੀ ਦੇ 550 ਏਕੜ ਤੋਂ ਵਧੇਰੇ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਮਿਲਣ ਜਾ ਰਿਹਾ ਹੈ । ਪਿੰਡ ਸ਼ੇਰਪੁਰ ਅਤੇ ਪਿੰਡ ਕਾਲਾਬੂਲਾ ਵਿੱਚ ਸਾਂਝੇ ਮੋਘੇ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ । ਇਸ ਮਹੱਤਵਪੂਰਨ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੇ ਕੰਮ ਦੀ ਪੰਜਾਬ ਰਾਜ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸ਼ੁਰੂਆਤ ਕਰਵਾਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਸ਼ੇਰਪੁਰ ਅਤੇ ਪਿੰਡ ਕਾਲਾਬੂਲਾ ਵਿੱਚ ਬਣਨ ਵਾਲੇ ਸਾਂਝੇ ਮੋਘੇ ਨਾਲ ਇਲਾਕੇ ਦੇ ਸੈਂਕੜੇ ਕਿਸਾਨਾਂ ਦੇ 550 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗ ਜਾਵੇਗੀ । ਕੁੱਲ 1.91 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਕਿਸਾਨਾਂ ਦੀ ਆਰਥਿਕਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਵੇਗਾ । ਉਹਨਾਂ ਕਿਹਾ ਕਿ ਇਹ ਕੰਮ ਮੱਧ ਜੂਨ ਮਹੀਨੇ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਅਗਾਮੀ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਵਰਤਣ ਦੀ ਲੋੜ੍ਹ ਨਹੀਂ ਪਵੇਗੀ । ਇਸ ਬੱਚਤ ਨਾਲ ਜਿੱਥੇ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ ਉਥੇ ਹੀ ਨਹਿਰੀ ਪਾਣੀ ਮਿਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ । ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਹੇਠਲੇ ਪਾਣੀ ਦੇ ਮੁਕਾਬਲੇ ਨਹਿਰੀ ਪਾਣੀ ਵਿੱਚ ਜ਼ਮੀਨ ਲਈ ਲੋੜੀਂਦੇ ਖੁਰਾਕੀ ਤੱਤ ਜ਼ਿਆਦਾ ਹੁੰਦੇ ਹਨ । ਉਹਨਾਂ ਕਿਹਾ ਕਿ ਪਹਿਲਾਂ ਇਸ ਰਕਬੇ ਨੂੰ ਟਿਊਬਵੈੱਲ ਨਾਲ ਪਾਣੀ ਮਿਲਦਾ ਸੀ ਪਰ ਪਾਣੀ ਡੂੰਘੇ ਹੋਣ ਕਾਰਨ ਹੁਣ ਇਹ ਟਿਊਬਵੈੱਲ ਲਗਭਗ ਨਕਾਰਾ ਹੋ ਚੁੱਕੇ ਸਨ । ਫ਼ਸਲ ਨੂੰ ਪਾਣੀ ਦੇਣ ਲਈ ਕਿਸਾਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ । ਇਹ ਕੰਮ ਬਰਨਾਲਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਬਰਨਾਲਾ ਵੱਲੋਂ ਕੀਤਾ ਜਾ ਰਿਹਾ ਹੈ । ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ । ਇਸ ਮੌਕੇ ਪਿੰਡ ਸ਼ੇਰਪੁਰ ਦੇ ਸਰਪੰਚ ਰਾਜ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ), ਪਿੰਡ ਕਾਲਾਬੂਲਾ ਦੇ ਸਰਪੰਚ ਰਣਜੀਤ ਸਿੰਘ, ਦੋਵੇਂ ਪਿੰਡਾਂ ਦੇ ਮੋਹਤਬਰ ਵਿਅਕਤੀ, ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਹਰਸ਼ਾਂਤ ਕੁਮਾਰ, ਐੱਸ. ਡੀ. ਓ. ਗੁਰਪਾਲ ਸਿੰਘ ਜਟਾਣਾ, ਜੇ.  ਈ. ਬਲਕਰਨ ਸਿੰਘ, ਨਹਿਰੀ ਪਟਵਾਰੀ ਦਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Related Post