
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਭਾਰਤੀ ਹਵਾਈ ਸੈਨਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਪਰੇਡ ਆਯੋਜਿਤ
- by Jasbeer Singh
- October 8, 2024

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਭਾਰਤੀ ਹਵਾਈ ਸੈਨਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਪਰੇਡ ਆਯੋਜਿਤ ਪਟਿਆਲਾ : ਸਾਲ 1932 ਵਿੱਚ ਭਾਰਤੀ ਹਵਾਈ ਸੈਨਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਅਤੇ ਭਾਰਤੀ ਹਵਾਈ ਸੈਨਾ ਦੀਆਂ ਕੁਰਬਾਨੀਆਂ ਦੇ ਸਨਮਾਨ ਵਿੱਚ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ 'ਟੱਚ ਦਿ ਸਕਾਈ ਵਿਦ ਗਲੋਰੀ' ਦੇ ਮਾਟੋ ਨੂੰ ਸਮਰਪਿਤ ਹਵਾਈ ਸੈਨਾ ਦਿਵਸ ਮਨਾਇਆ ਗਿਆ। ਇਹ ਦਿਵਸ ਭਾਰਤੀ ਹਵਾਈ ਸੈਨਾ ਦੇ ਉਹਨਾਂ ਹਜ਼ਾਰਾਂ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਮਨਾਇਆ ਗਿਆ ਜਿਨ੍ਹਾਂ ਨੇ ਯੁੱਧਾਂ ਵਿੱਚ ਅਤੇ ਸ਼ਾਂਤੀ ਦੇ ਸਮੇਂ ਦੌਰਾਨ ਦੇਸ਼ ਦੀ ਸੁਰੱਖਿਆ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਇਸ ਸਾਲ, ਭਾਰਤੀ ਹਵਾਈ ਸੈਨਾ ਦਿਵਸ 2024 ਦਾ ਥੀਮ 'ਭਾਰਤੀ ਵਾਯੂ ਸੈਨਾ: ਸਕਸ਼ਮ, ਸਸ਼ਕਤ, ਆਤਮਨਿਰਭਰ' (ਸ਼ਮਰੱਥ, ਸ਼ਕਤੀਸ਼ਾਲੀ ਅਤੇ ਆਤਮ-ਨਿਰਭਰ) ਹੈ । ਇਹ ਭਾਰਤੀ ਹਵਾਈ ਸੈਨਾ ਦੀ ਸਵੈ-ਨਿਰਭਰਤਾ ਅਤੇ ਆਧੁਨਿਕੀਕਰਨ ਲਈ ਅਨੁਸ਼ਾਸਿਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਮੁਲਕ ਦੀਆਂ ਸੈਨਾਵਾਂ ਦੇ ਲਗਾਤਾਰ ਮਜ਼ਬੂਤ ਹੁੰਦੇ ਜਾਣ ਦਾ ਸੰਕੇਤ ਹੈ । ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਭਾਰਤੀ ਹਵਾਈ ਸੈਨਾ ਦੇ ਹਜ਼ਾਰਾਂ ਜਵਾਨਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਵੱਖ-ਵੱਖ ਫੌਜੀ ਕਾਰਵਾਈਆਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹੋਏ ਅੱਜ ਭਾਰਤੀ ਹਵਾਈ ਸੈਨਾ ਵਿਸ਼ਵ ਦੀਆਂ ਸਭ ਤੋਂ ਸ਼ਕਤੀਸ਼ਾਲੀ ਹਵਾਈ ਸੈਨਾ ਵਿੱਚੋਂ ਇੱਕ ਬਣ ਚੁੱਕੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਲਕ ਦੇ ਸੁਰੱਖਿਆ ਬਲਾਂ ਦੀ ਇਸ ਅਣਥੱਕ ਸੇਵਾ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਭਾਰਤੀ ਹਵਾਈ ਸੈਨਾ ਤੋਂ ਪ੍ਰੇਰਣਾ ਲੈਣ ਦੀ ਸਿੱਖਿਆ ਦਿੱਤੀ । ਇਸ ਮੌਕੇ ਤੇ ਕਾਲਜ ਦੇ ਏਅਰ ਵਿੰਗ ਦੇ ਫਲਾਇੰਗ ਅਫਸਰ ਅਤੇ ਇੰਚਾਰਜ ਡਾ. ਸੁਮੀਤ ਕੁਮਾਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੀ ਸਥਾਪਨਾ 8 ਅਕਤੂਬਰ 1932 ਨੂੰ ਬ੍ਰਿਟੇਨ ਦੀ ਰਾਇਲ ਏਅਰ ਫੋਰਸ ਦੀ ਸਹਾਇਕ ਹਵਾਈ ਸੈਨਾ ਵਜੋਂ ਹੋਈ ਸੀ। ਇਸ ਦੀ ਪਹਿਲੀ ਅਧਿਕਾਰਤ ਉਡਾਣ 1 ਅਪ੍ਰੈਲ, 1933 ਨੂੰ ਹੋਈ ਸੀ, ਜਿਸ ਨੇ ਇਸਦੀ ਸ਼ਾਨਦਾਰ ਸਫਰ ਦੀ ਸ਼ੁਰੂਆਤ ਕੀਤੀ । ਇਸ ਦਿਵਸ ਤੇ ਕਾਲਜ ਦੇ ਏਅਰ ਵਿੰਗ ਕੈਡਿਟਾਂ ਦੁਆਰਾ ਭਾਰਤੀ ਹਵਾਈ ਸੈਨਾ ਨੂੰ ਸਮਰਪਿਤ ਇੱਕ ਸੁੰਦਰ ਪਰੇਡ ਦਾ ਆਯੋਜਨ ਕੀਤਾ ਗਿਆ ਜਿਸ ਰਾਹੀ ਮੌਜੂਦਾ ਭਾਰਤੀ ਹਵਾਈ ਸੈਨਾ ਦੀ ਵਿਕਸਿਤ ਸਮਰੱਥਾ, ਤਕਨਾਲੋਜੀ ਅਤੇ ਸੰਚਾਲਨ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।