post

Jasbeer Singh

(Chief Editor)

ਮੋਬਾਈਲ ਟਾਵਰ ’ਤੇ ਡਟੀ ਹੋਈ ਹੈ ਪੁਲੀਸ ਭਰਤੀ ਉਮੀਦਵਾਰ

post-img

ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੰਜਾਬ ਪੁਲੀਸ ਭਰਤੀ-2016 ਦੀ ਉਮੀਦਵਾਰ ਲੜਕੀ ਹਰਦੀਪ ਕੌਰ ਇੱਥੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇੱਕ ਮੋਬਾਈਲ ਟਾਵਰ ਉੱਪਰ ਚੜ੍ਹੀ ਹੋਈ ਹੈ ਜਦੋਂ ਕਿ ਮੋਬਾਈਲ ਟਾਵਰ ਨਜ਼ਦੀਕ ਪੁਲੀਸ ਭਰਤੀ ਉਮੀਦਵਾਰਾਂ ਵੱਲੋਂ ਪੱਕਾ ਧਰਨਾ ਜਾਰੀ ਹੈ। ਪ੍ਰਦਰਸ਼ਨਕਾਰੀ ਸੰਨ-2016 ਦੀ ਪੰਜਾਬ ਪੁਲੀਸ ਭਰਤੀ ਦੀ ਵੇਟਿੰਗ ਸੂਚੀ ਪ੍ਰਕਿਰਿਆ ਮੁਕੰਮਲ ਕਰ ਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਜੇਠ ਮਹੀਨੇ ਦੀ ਗਰਮੀ ਦੇ ਬਾਵਜੂਦ ਮੋਬਾਈਲ ਟਾਵਰ ’ਤੇ ਡਟੀ ਹਰਦੀਪ ਕੌਰ ਅਬੋਹਰ ਟੱਸ ਤੋਂ ਮੱਸ ਨਹੀਂ ਹੋਈ। ਬੀਤੀ ਰਾਤ ਵੀ ਤੇਜ਼ ਹਨੇਰੀ ਦੌਰਾਨ ਵੀ ਉਹ ਮੋਬਾਈਲ ਟਾਵਰ ’ਤੇ ਮੌਜੂਦ ਰਹੀ। ਉਸ ਦੇ ਸਾਥੀ ਪੁਲੀਸ ਭਰਤੀ ਉਮੀਦਵਾਰ ਹੇਠਾਂ ਧਰਨੇ ’ਤੇ ਡਟੇ ਹੋਏ ਹਨ ਜਿਨ੍ਹਾਂ ਦਾ ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਟੈਂਟ ਪੁੱਟ ਸੁੱਟਿਆ ਸੀ। ਇਸ ਮੌਕੇ ਪੁਲੀਸ ਭਰਤੀ ਉਮੀਦਵਾਰਾਂ ਦੇ ਆਗੂਆਂ ਅਮਨਦੀਪ ਸਿੰਘ ਫਾਜ਼ਿਲਕਾ, ਧਰਮ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਲੁਧਿਆਣਾ, ਬਲਜਿੰਦਰ ਸਿੰਘ ਗੁਰਦਾਸਪੁਰ ਤੇ ਮਹਾਂਵੀਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਹਰਦੀਪ ਕੌਰ ਅਬੋਹਰ ਮੋਬਾਈਲ ਟਾਵਰ ਉਪਰ ਬੇਹੱਦ ਪ੍ਰੇਸ਼ਾਨ ਹੈ ਕਿਉਂਕਿ 3 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਮੋਬਾਈਲ ਟਾਵਰ ’ਤੇ ਲੱਗੀ ਇੱਕ ਲੋਹੇ ਦੇ ਪਲੇਟ ’ਤੇ ਥੋੜ੍ਹੀ ਜਿਹੀ ਜਗ੍ਹਾ ਵਿਚ ਰੈਣ ਬਸੇਰਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸ਼ਰਤ ਲਗਾਈ ਹੈ ਕਿ ਜਦੋਂ ਤੱਕ ਹਰਦੀਪ ਕੋਰ ਨੂੰ ਮੋਬਾਈਲ ਟਾਵਰ ਤੋਂ ਹੇਠਾਂ ਨਹੀਂ ਉਤਾਰਦੇ, ਕੋਈ ਮੀਟਿੰਗ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਬਾਈਲ ਟਾਵਰ ’ਤੇ ਚੜ੍ਹੀ ਲੜਕੀ ਦਾ ਹਨੇਰੀ ਕਾਰਨ ਜਾਂ ਸਿਹਤ ਖਰਾਬ ਹੋਣ ਕੋਈ ਨੁਕਸਾਨ ਹੋਇਆ ਤਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Related Post