July 6, 2024 01:27:01
post

Jasbeer Singh

(Chief Editor)

Latest update

ਥਾਣੇ ਦੇ ਬਾਥਰੂਮ ’ਚ ਔਰਤ ਦੀ ਲਟਕਦੀ ਮਿਲੀ ਸੀ ਲਾਸ਼, ਤਤਕਾਲੀ ਐੱਸਐੱਚਓ ਸਮੇਤ ਚਾਰ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ

post-img

ਸਾਲ 2017 ਵਿਚ ਦੁੱਗਰੀ ਥਾਣੇ ’ਚ ਇਕ ਔਰਤ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਥਾਣੇ ਦੇ ਤਤਕਾਲੀ ਐੱਸਐੱਚਓ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁਲਾਜ਼ਮਾਂ ਵਿੱਚ ਦੋ ਮਹਿਲਾ ਕਾਂਸਟੇਬਲ ਵੀ ਸ਼ਾਮਲ ਹਨ। ਸੀਬੀਆਈ ਚੰਡੀਗੜ੍ਹ ’ਚ ਦਰਜ ਐੱਫਆਈਆਰ ਵਿਚ ਇੰਸਪੈਕਟਰ ਦਲਬੀਰ ਸਿੰਘ (ਉਸ ਸਮੇਂ ਦੇ ਐੱਸਐੱਚਓ), ਏਐੱਸਆਈ ਸੁਖਦੇਵ ਸਿੰਘ, ਮਹਿਲਾ ਕਾਂਸਟੇਬਲ ਰਾਜਵਿੰਦਰ ਅਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਇਸ ਕੇਸ ਵਿਚ ਜਲਦ ਪੁਲਿਸ ਮੁਲਾਜ਼ਮਾਂ ਨੂੰ ਤਲਬ ਕਰੇਗੀ। ਕਾਬਲੇਗੌਰ ਹੈ ਕਿ 3 ਅਗਸਤ 2017 ਨੂੰ ਥਾਣਾ ਦੁੱਗਰੀ ਦੀ ਪੁਲਿਸ ਨੇ ਧੋਖਾਧੜੀ, ਅਪਰਾਧਿਕ ਸਾਜ਼ਿਸ਼, ਚੋਰੀ ਅਤੇ ਆਈਟੀ ਐਕਟ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਔਰਤ ਰਮਨਦੀਪ ਕੌਰ ਅਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਥਾਣੇ ਵਿਚ ਦਲਬੀਰ ਸਿੰਘ ਇੰਸਪੈਕਟਰ ਸਨ। ਰਮਨਦੀਪ ਕੌਰ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਫਾਹਾ ਲਗਾ ਕੇ ਹਵਾਲਾਤ ਦੇ ਬਾਥਰੂਮ ’ਚ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕਾ ਦੇ ਪਤੀ ਮੁਕੁਲ ਗਰਗ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਮੁਕਲ ਗਰਗ ਨੇ ਆਖਿਆ ਸੀ ਕਿ ਉਸ ਦੀ ਪਤਨੀ ਦਾ ਕੋਈ ਵੀ ਕਸੂਰ ਨਹੀਂ ਸੀ, ਇਸ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਗ਼ਲਤ ਤਰੀਕੇ ਨਾਲ ਕਸਟਡੀ ਵਿਚ ਰੱਖਿਆ ਸੀ। ਉਸ ਨੇ ਇਹ ਵੀ ਆਖਿਆ ਕਿ ਪੁਲਿਸ ਨੇ ਉਸ ਨਾਲ ਬਹੁਤ ਮਾੜਾ ਸਲੂਕ ਕੀਤਾ। ਇਸ ਮਾਮਲੇ ਵਿਚ ਐੱਸਆਈਟੀ ਬਣੀ ਅਤੇ ਪੁਲਿਸ ਨੇ ਉਸ ਵੇਲੇ ਐੱਫਆਈਆਰ ਦਰਜ ਕਰ ਲਈ। ਉਸ ਵੇਲੇ ਮੁਕਲ ਗਰਗ ਨੇ ਪਟੀਸ਼ਨ ਦਾਇਰ ਕੀਤੀ ਕਿ ਪੁਲਿਸ ਮਾਮਲੇ ਵਿਚ ਗੜਬੜੀ ਕਰ ਰਹੀ ਹੈ।

Related Post