 
                                              
                              ਸੜਕੀ ਹਾਦਸੇ ਵਿਚ ਮਾਛੀਵਾੜਾ ਦੇ ਨੌਜਵਾਨ ਦੀ ਹੋਈ ਮੌਤ ਸਮਰਾਲਾ : ਵਿਦੇਸ਼ੀ ਧਰਤੀ ਅਮਰੀਕਾ ਵਿਚ ਵਾਪਰੇ ਸੜ਼ਕੀ ਹਾਦਸੇ ਵਿਚ ਮਾਛੀਵਾੜ਼ਾ ਦੇ 19 ਸਾਲਾ ਨੌਜਵਾਨ ਵੰਸ਼ਦੀਪ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜੇ.ਐੱਸ. ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ। ਵੰਸ਼ਦੀਪ ਸਿੰਘ ਅਮਰੀਕਾ ਦੇ ਫਰਜ਼ੀਨੋ ਸ਼ਹਿਰ ਵਿਚ ਰਹਿੰਦਾ ਸੀ ਅਤੇ ਉੱਥੇ ਸਟੋਰ ’ਤੇ ਨੌਕਰੀ ਕਰਦਾ ਸੀ। ਅਮਰੀਕਾ ਵਿਖੇ ਕਾਰ ’ਤੇ ਸਵਾਰ ਹੋ ਕੇ ਉਹ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਉਸਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ ’ਚ ਵੰਸ਼ਦੀਪ ਸਿੰਘ ਦੀ ਜਾਨ ਚਲੀ ਗਈ। ਅੱਜ ਤਡ਼ਕੇ ਜਦੋਂ ਮਾਪਿਆਂ ਨੂੰ ਵੰਸ਼ਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾਡ਼ ਟੁੱਟ ਗਿਆ ਅਤੇ ਉਸਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਨੌਜਵਾਨ ਦੀ ਮੌਤ ਨਾਲ ਮਾਛੀਵਾਡ਼ਾ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਨੌਜਵਾਨ ਵੰਸ਼ਦੀਪ ਸਿੰਘ ਦੀ ਲਾਸ਼ ਨੂੰ ਪੰਜਾਬ ਘਰ ਲਿਆਉਣ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਯਤਨ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਆਉਣ ਲਈ 10 ਦਿਨ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕ ਨੌਜਵਾਨ ਜਿੱਥੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ ਉੱਥੇ ਉਸਦੀ ਵੱਡੀ ਭੈਣ ਵੀ ਕੈਨੇਡਾ ਵਿਖੇ ਰਹਿੰਦੀ ਹੈ ਜਿਸ ਨੂੰ ਰੱਖਡ਼ੀ ਤੋਂ ਇੱਕ ਦਿਨ ਪਹਿਲਾਂ ਆਪਣੇ ਭਰਾ ਦੀ ਮੌਤ ਦਾ ਬੇਹੱਦ ਦੁੱਖਦਈ ਸਮਾਚਾਰ ਮਿਲਿਆ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     