July 6, 2024 01:49:14
post

Jasbeer Singh

(Chief Editor)

Latest update

‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਈਡੀ ਵੱਲੋਂ ਗ੍ਰਿਫ਼ਤਾਰ

post-img

ਦਿੱਲੀ ਵਕਫ਼ ਬੋਰਡ ’ਚ ਕਥਿਤ ਬੇਨਿਯਮੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰੀਬ ਸਾਢੇ 9 ਘੰਟੇ ਦੀ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ। ਸੁਪਰੀਮ ਕੋਰਟ ਵੱਲੋਂ ਪਿਛਲੇ ਹਫ਼ਤੇ ਉਸ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ ਕਰਨ ਮਗਰੋਂ ਓਖਲਾ ਹਲਕੇ ਤੋਂ ਵਿਧਾਇਕ ਈਡੀ ਅੱਗੇ ਪੇਸ਼ ਹੋਇਆ ਸੀ। ਸੁਪਰੀਮ ਕੋਰਟ ਨੇ ਉਸ ਨੂੰ 18 ਅਪਰੈਲ ਨੂੰ ਜਾਂਚ ’ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸਨ। ਈਡੀ ਦਫ਼ਤਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਾਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਵਕਫ਼ ਬੋਰਡ ਦਾ ਚੇਅਰਮੈਨ ਸੀ ਤਾਂ ਉਸ ਨੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਸੀ ਅਤੇ 2013 ’ਚ ਬਣੇ ਨਵੇਂ ਐਕਟ ਮੁਤਾਬਕ ਹੀ ਉਨ੍ਹਾਂ ਕਾਨੂੰਨੀ ਰਾਏ ਲੈ ਕੇ ਭਰਤੀਆਂ ਕੀਤੀਆਂ ਸਨ। ਅਮਾਨਤਉੱਲ੍ਹਾ ਖ਼ਾਨ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਸੀਬੀਆਈ ਵੱਲੋਂ ਦਰਜ ਐੱਫਆਈਆਰ ਅਤੇ ਦਿੱਲੀ ਪੁਲੀਸ ਦੀਆਂ ਤਿੰਨ ਸ਼ਿਕਾਇਤਾਂ ’ਤੇ ਆਧਾਰਿਤ ਹੈ। ਈਡੀ ਨੇ ਵਿਧਾਇਕ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ ਅਤੇ ਦਾਅਵਾ ਕੀਤਾ ਸੀ ਕਿ ਉਸ ਨੇ ਦਿੱਲੀ ਵਕਫ਼ ਬੋਰਡ ’ਚ ਅਮਲੇ ਦੀ ਗ਼ੈਰਕਾਨੂੰਨੀ ਢੰਗ ਨਾਲ ਭਰਤੀ ਕਰਕੇ ਨਕਦੀ ਵਸੂਲੀ ਸੀ ਅਤੇ ਉਸ ਨੇ ਇਸ ਪੈਸੇ ਨਾਲ ਆਪਣੇ ਨੇੜਲਿਆਂ ਦੇ ਨਾਮ ’ਤੇ ਅਚੱਲ ਸੰਪਤੀ ਖ਼ਰੀਦੀ ਸੀ।

Related Post