post

Jasbeer Singh

(Chief Editor)

Latest update

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ 98 ਕਰੋੜ ਮੁੱਲ ਦੇ ਅਸਾਸੇ ਜ਼ਬਤ

post-img

: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਇਕ ਬੰਗਲਾ, ਇਕ ਫਲੈਟ ਅਤੇ ਸ਼ੇਅਰਾਂ ਸਮੇਤ 98 ਕਰੋੜ ਰੁਪਏ ਮੁੱਲ ਦੇ ਅਸਾਸੇ ਜ਼ਬਤ ਕਰ ਲਏ ਹਨ। ਜਾਂਚ ਏਜੰਸੀ ਨੇ ਇਹ ਕਾਰਵਾਈ ਕਥਿਤ ਕ੍ਰਿਪਟੋ ਪੋਂਜ਼ੀ ਯੋਜਨਾ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਜਾਰੀ ਆਰਜ਼ੀ ਹੁਕਮਾਂ ’ਤੇ ਜੋੜੇ ਦੀਆਂ ਸੰਪਤੀਆਂ ਕੁਰਕ ਕੀਤੀਆਂ ਹਨ। ਇਹ ਮਾਮਲਾ ਬਿਟਕੁਆਈਨ ਵਰਗੀਆਂ ਕ੍ਰਿਪਟੋ ਕੰਰਸੀ ਦੀ ਵਰਤੋਂ ਰਾਹੀਂ ਨਿਵੇਸ਼ਕਾਂ ਦੀ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਕੁਰਕ ਕੀਤੀਆਂ ਗਈਆਂ ਸੰਪਤੀਆਂ ’ਚ ਮੁੰਬਈ ਦੇ ਜੁਹੂ ਸਥਿਤ ਇਕ ਰਿਹਾਇਸ਼ੀ ਫਲੈਟ (ਜੋ ਇਸ ਸਮੇਂ ਸ਼ਿਲਪਾ ਸ਼ੈੱਟੀ ਦੇ ਨਾਮ ’ਤੇ ਹੈ), ਪੁਣੇ ’ਚ ਇਕ ਬੰਗਲਾ ਅਤੇ ਕੁੰਦਰਾ ਦੇ ਨਾਮ ’ਤੇ ਸ਼ੇਅਰ ਸ਼ਾਮਲ ਹਨ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਅਸਾਸੇ 97.79 ਕਰੋੜ ਰੁਪਏ ਦੇ ਬਣਦੇ ਹਨ। ਜੋੜੇ ਦੇ ਇਕ ਵਕੀਲ ਨੇ ਕਿਹਾ ਕਿ ਮੁੱਢਲੀ ਨਜ਼ਰ ’ਚ ਉਨ੍ਹਾਂ ਦੇ ਮੁਵੱਕਿਲਾਂ ਖ਼ਿਲਾਫ਼ ਕੇਸ ਨਹੀਂ ਬਣਦਾ ਹੈ ਅਤੇ ਉਹ ਅਧਿਕਾਰੀਆਂ ਨਾਲ ਇਸ ਮਾਮਲੇ ’ਚ ਸਹਿਯੋਗ ਕਰਨ ਲਈ ਤਿਆਰ ਹਨ। ਵਕੀਲ ਪ੍ਰਸ਼ਾਂਤ ਪਾਟਿਲ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ’ਚ ਢੁੱਕਵੀਂ ਜਾਂਚ ਦਾ ਪੂਰਾ ਭਰੋਸਾ ਹੈ। ਏਜੰਸੀ ਨੇ ਕਿਹਾ ਕਿ ਕੁੰਦਰਾ ਨੂੰ ਮਾਸਟਰਮਾਈਂਡ ਅਤੇ ਗੇਨ ਬਿਟਕੁਆਈਨ ਪੋਂਜ਼ੀ ਘੁਟਾਲੇ ਦੇ ਪ੍ਰਮੋਟਰ ਅਮਿਤ ਭਾਰਦਵਾਜ ਤੋਂ 285 ਬਿਟਕੁਆਈਨ ਯੂਕਰੇਨ ’ਚ ਬਿਟਕੁਆਈਨ ਮਾਈਨਿੰਗ ਫਾਰਮ ਸਥਾਪਤ ਕਰਨ ਲਈ ਮਿਲੇ ਸਨ। ਈਡੀ ਨੇ ਦਾਅਵਾ ਕੀਤਾ ਕਿ ਸੌਦਾ ਅਗਾਂਹ ਨਹੀਂ ਵਧ ਸਕਿਆ ਸੀ ਅਤੇ ਕੁੰਦਰਾ ਕੋਲ ਅਜੇ ਵੀ 285 ਬਿਟਕੁਆਈਨ ਹਨ ਜਿਨ੍ਹਾਂ ਦੀ ਮੌਜੂਦਾ ਸਮੇਂ ’ਚ 150 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਹੈ। ਈਡੀ ਨੇ ਸਿੰਪੀ ਭਾਰਦਵਾਜ, ਨਿਤਿਨ ਗੌੜ ਅਤੇ ਨਿਖਿਲ ਮਹਾਜਨ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕਰ ਲਿਆ ਸੀ। ਮੁੱਖ ਮੁਲਜ਼ਮ ਅਜੈ ਭਾਰਦਵਾਜ ਅਤੇ ਮਹੇਂਦਰ ਭਾਰਦਵਾਜ ਅਜੇ ਵੀ ਫ਼ਰਾਰ ਹਨ ਅਤੇ ਈਡੀ ਨੇ ਇਸ ਮਾਮਲੇ ’ਚ ਪਹਿਲਾਂ 69 ਕਰੋੜ ਰੁਪਏ ਮੁੱਲ ਦੀ ਸੰਪਤੀ ਜ਼ਬਤ ਕੀਤੀ ਸੀ। ਇਸ ਮਾਮਲੇ ’ਚ ਹੁਣ ਤੱਕ ਦੋ ਚਾਰਜਸ਼ੀਟ ਦਾਖ਼ਲ ਹੋ ਚੁੱਕੀਆਂ ਹਨ।

Related Post