

ਪਿਛਲੇ ਕਿਸਾਨੀ ਸੰਘਰਸ਼ ਦੀਆਂ ਬਕਾਇਆ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ‘ਕਿਸਾਨ ਮਜ਼ਦੂਰ ਮੋਰਚਾ’ ਦੀ ਅਗਵਾਈ ਹੇਠ ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰਾਂ ਸਮੇਤ ਹੋਰ ਥਾਈਂ 13 ਫਰਵਰੀ ਤੋਂ ਜਾਰੀ ਕਿਸਾਨੀ ਮੋਰਚਿਆਂ ’ਚ ਅੱਜ 1984 ਵਿੱਚ ਵਾਪਰੇ ਘੱਲੂਘਾਰੇ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰ ਕੇ ਅਰਦਾਸ ਕੀਤੀ ਗਈ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਭਲਕੇ ਨਤੀਜਿਆਂ ਵਾਲੇ ਦਿਨ ਕਿਸੇ ਦੀ ਵੀ ਜਿੱਤ ਦੀ ਖ਼ੁਸ਼ੀ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਧਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀ ਮੁੜ ਹੋਈ ਆਮਦ ਤਹਿਤ ਇਕੱਤਰਤਾ ’ਚ ਭਾਵੇਂ ਅੱਜ ਹੋਰ ਵਾਧਾ ਹੋਇਆ ਪਰ ਦੋਵਾਂ ਫੋਰਮਾਂ ਵੱਲੋਂ ਅੱਜ ਕੀਤੀ ਜਾਣ ਵਾਲੀ ਮੀਟਿੰਗ ਭਲਕ ਤੱਕ ਮੁਲਤਵੀ ਕਰ ਦਿੱਤੀ ਗਈ। ਇਹ ਮੀਟਿੰਗ ਹੁਣ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਕੀਤੀ ਜਾਵੇਗੀ। ਭਲਕੇ ਮੀਟਿੰਗ ਵਿੱਚ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਮੁੱਢਲੇ ਤੌਰ ’ਤੇ ਇਹ ਸਪੱਸ਼ਟ ਹੈ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਬਣੇ, ਕਿਸਾਨ ਮੰਗਾਂ ਦੀ ਪੂਰਤੀ ਤੱਕ ਇਵੇਂ ਹੀ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਵਾਅਦੇ ਮੁਤਾਬਕ ਕਿਸਾਨ ਦਿੱਲੀ ਵੱਲ ਉਦੋਂ ਹੀ ਕੂਚ ਕਰਨਗੇ ਜਦੋਂ ਉਨ੍ਹਾਂ ਨੂੰ ਰੋਕਣ ਲਈ ਬਾਰਡਰਾਂ ’ਤੇ ਲਾਈਆਂ ਗਈਆਂ ਰੋਕਾਂ ਦੇਸ਼ ਦੀ ਹਕੂਮਤ ਖੁਦ ਹਟਾਏਗੀ। ਇਸ ਮੌਕੇ ਪਹਿਲਾਂ ਦੀ ਤਰ੍ਹਾਂ ਹੀ ਸਜਾਈ ਗਈ ਸਟੇਜ ਤੋਂ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ’ਚ ਪੰਧੇਰ ਤੋਂ ਇਲਾਵਾ ਬਲਵੰਤ ਸਿੰਘ ਬਹਿਰਾਮਕੇ, ਮਨਜੀਤ ਸਿੰਘ ਘੁਮਾਣਾ, ਜੰਗ ਸਿੰਘ ਭਟੇੜੀ, ਗੁਰਪ੍ਰੀਤ ਸਿੰਘ, ਓਂਕਾਰ ਸਿੰਘ, ਬਲਕਾਰ ਸਿੰਘ ਬੈਂਸ ਤੇ ਤੇਜਵੀਰ ਸਿੰਘ ਕਿਸਾਨ ਆਗੂ ਸ਼ਾਮਲ ਰਹੇ।