July 6, 2024 00:35:46
post

Jasbeer Singh

(Chief Editor)

Patiala News

ਚੋਣ ਅਧਿਕਾਰੀਆਂ ਦੀ ਸਖ਼ਤੀ ਮਗਰੋਂ ਕਿਸਾਨ ਵਿਰੋਧ ਦਾ ਢੰਗ ਬਦਲਣ ਲੱਗੇ

post-img

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾਂਦੇ ਵਿਰੋਧ ਦਾ ਨੋਟਿਸ ਲੈਂਦਿਆਂ ਚੋਣ ਅਧਿਕਾਰੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰ ਕੇ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪਾ ਕੇ ਸਾਰੇ ਉਮੀਦਵਾਰਾਂ ਲਈ ਬਰਾਬਰਤਾ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਹੈ। ਦੂਜੇ ਬੰਨੇ ਇਸ ਮਗਰੋਂ ਕਿਸਾਨਾਂ ਨੇ ਟਕਰਾਅ ’ਚ ਪੈਣ ਦੀ ਬਜਾਏ ਭਾਜਪਾ ਉਮੀਦਵਾਰਾਂ ਨੂੂੰ ਅਗਾਊਂ ਹੀ ਚੌਕਸ ਕਰਦਿਆਂ ਆਪਣੇ ਪਿੰਡ ’ਚ ਨਾ ਵੜਨ ਦੇ ਚਿਤਾਵਨੀ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਐੱਸਕੇਐੱਮ, ਕੇਐੱਮਐੱਮ ਤੇ ਐੱਸਕੇਐੱਮ ਗੈਰ ਸਿਆਸੀ ਆਦਿ ਵੱਲੋਂ ਦਿੱਤੇ ਗਏ ਸੱਦਿਆਂ ਦੇ ਤਹਿਤ ਕਿਸਾਨ ਜਥੇਬੰਦੀਆ ਨਾਲ ਜੁੜੇ ਕਿਸਾਨਾਂ ਵੱਲੋਂ ਪੰਜਾਬ ਭਰ ’ਚ ਹੀ ਭਾਜਪਾ ਉਮੀਦਵਾਰਾਂ ਦਾ ਪਿੰਡਾਂ ’ਚ ਆਉਣ ’ਤੇ ਉਨ੍ਹਾਂ ਨੂੰ ਘੇਰ-ਘੇਰ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਂਜ ਕਿਸਾਨਾਂ ਦਾ ਤਰਕ ਹੈ ਕਿ ਉਹ ਤਾਂ ਸਿਰਫ਼ ਭਾਜਪਾ ਉਮੀਦਵਾਰਾਂ ਨੂੰ ਸਵਾਲ ਹੀ ਪੁੱਛਣ ਜਾਂਦੇ ਹਨ ਕਿਉਂਕਿ ਉਹ ਕੇਂਦਰ ਵਿਚਲੀ ਸੱਤਾਧਾਰੀ ਧਿਰ ਦੇ ਉਮੀਦਵਾਰ ਹਨ ਜਿਸ ਨੇ ਕਿਸਾਨਾਂ ਨਾਲ਼ ਵੱਡਾ ਧਰੋਹ ਕਮਾਇਆ ਹੈ। ਯਾਦ ਰਹੇ ਕਿ ਚਾਰ ਮਈ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੇਹਰਾ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਇੱਥੇ ਹਫਤਾ ਭਰ ਭਾਰੀ ਤਣਾਅ ਬਣਿਆ ਰਿਹਾ। ਇਸ ਮਸਲੇ ਨੂੰ ਪ੍ਰਸ਼ਾਸਨ ਨੇ ਬੜੀ ਮੁਸ਼ਕਲ ਨਾਲ ਹੱਲ ਕੀਤਾ ਹੈ। ਉਧਰ ਚੋਣ ਅਧਿਕਾਰੀ ਦੀ ਚਿਤਾਵਨੀ ਤੋਂ ਬਾਅਦ ਨਵੇਂ ਸਮੀਕਰਨ ਸਾਹਮਣੇ ਆਏ ਹਨ ਜਿਸ ਦੌਰਾਨ ਕਿਸੇ ਟਕਰਾਅ ’ਚ ਨਾ ਪੈਣ ਦੀ ਬਜਾਏ, ਅੱੱਜ ਸਮਾਣਾ ਰੋਡ ’ਤੇ ਸਥਿਤ ਪਟਿਆਲਾ ਬਲਾਕ ਦੇ ਪਿੰਡ ਕਕਰਾਲਾ ਦੇ ਬਾਹਰ ਕਿਸਾਨਾਂ ਨੇ ਭਾਜਪਾ ਖਿਲਾਫ਼ ਚਿਤਾਵਨੀ ਬੋਰਡ ਹੀ ਲਾ ਦਿੱਤਾ ਹੈ ਜਿਸ ਦੌਰਾਨ ਅਗਾਊਂ ਹੀ ਅਗਾਹ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਪਿੰਡ ’ਚ ਆਉਣ ’ਤੇ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਇਹ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਪਿੰਡ ਨਾ ਆਉਣ ਦੀ ਸਿੱਧੀ ਚਿਤਾਵਨੀ ਦਿੱਤੀ ਹੈ। ਅਜਿਹਾ ਕਰਕੇ ਕਿਸਾਨਾਂ ਨੇ ਭਾਵੇਂ ਸਿੱਧੇ ਟਕਰਾਅ ਤੋਂ ਬਚਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਚੋਣ ਕਮਿਸ਼ਨ ਵੱਲੋਂ ਉਠਾਏ ਗਏ ਮਸਲੇ ਦੀ ਗੱਲ ਕਰੀਏ, ਤਾਂ ਇਹ ਭਾਜਪਾ ਉਮੀਦਵਾਰ ਨੂੰ ਪ੍ਰਚਾਰ ਤੋਂ ਰੋਕਣ ਵਾਲ਼ੀ ਸਿੱਧੀ ਕਾਰਵਾਈ ਵੀ ਹੈ। ਇਸੇ ਦੌਰਾਨ ਪਟਿਆਲਾ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਤਾਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਚੋਣ ਅਧਿਕਾਰੀ ਦੀ ਤਾਕੀਦ ਤੋਂ ਪਹਿਲਾਂ ਹੀ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ਼ ਕਿਸਾਨਾ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵਧੇਰੇ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਜਾਂਦੀ ਆ ਰਹੀ ਹੈ। ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੇ ਜਦੋਂ ਉਨ੍ਹਾਂ ਦੇ ਮਹਿਲ ਮੂਹਰੇ ਪੱਕਾ ਧਰਨਾ ਮਾਰ ਕੇ ਉਨ੍ਹਾਂ ਨੂੰ ਬਾਹਰ ਨਾ ਨਿਕਲਣ ਦਾ ਐਲਾਨ ਕੀਤਾ ਸੀ ਤਾਂ ਪਟਿਆਲਾ ਪੁਲੀਸ ਨੇ ਮੋਤੀ ਮਹਿਲ ਦੇ ਦੁਆਲ਼ੇ ਸੈਂਕੜੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਮੋਤੀ ਮਹਿਲ ਦੇ ਘਿਰਾਓ ਦੇ ਪ੍ਰੋਗਰਾਮ ਨੂੰ ਅਸਫਲ ਸਿੱਧ ਕੀਤਾ ਸੀ। ‘ਸਾਡੇ ਪਿੰਡ ਦੇ ਕੁਝ ਸਵਾਲ, ਉੱਤਰ ਦਿਓ ਦਲੀਲਾਂ ਨਾਲ’ ਹੁਣ ਕਿਸਾਨਾਂ ਵੱਲੋਂ ਆਪਣੀ ਸਾਰੀ ਵਿੱਥਿਆ/ਵਾਰਤਾ ਤੁਕਬੰਦੀ ’ਚ ਕੀਤੀ ਗਈ ਹੈ। ਲਾਲ ਅੱਖਰਾਂ ਨਾਲ ਲਿਖੀ ਪਹਿਲੀ ਸੱਤਰ ’ਚ ਕਿਹਾ ਗਿਆ ਹੈ ਕਿ ‘ਸਾਡੇ ਪਿੰਡ ਦੇ ਕੁਝ ਸਵਾਲ, ਉੱਤਰ ਦਿਓ ਦਲੀਲਾਂ ਨਾਲ। ਜੇਕਰ ਸਾਡੇ ਪਿੰਡ ’ਚ ਆਉਣਾ, ਐੱਮਐੱਸਪੀ ਦਾ ਪਊ ਕਾਨੂੰਨ ਬਣਾਉਣਾ।’ ਮੋਦੀ ਨੇ ਸਾਡੇ ਮਾਰ ਕੇ ਗੋਲੀ, ਸਾਡੇ ਖੂਨ ਨਾਲ ਖੇਡੀ ਹੋਲੀ। ਲੀਡਰੋੋ ਸਾਡੀ ਸੁਣ ਲਓ ਗੱਲ, ਵੋਟਾਂ ਬਿਨਾਂ ਨਹੀਂ ਮਸਲੇ ਦਾ ਹੱਲ।

Related Post