July 6, 2024 01:05:00
post

Jasbeer Singh

(Chief Editor)

Latest update

‘ਅਗਨੀਵੀਰ ਯੋਜਨਾ ਦੇਸ਼ ਦੀ ਸੁਰੱਖਿਆ ਲਈ ਬਣ ਸਕਦੀ ਹੈ ਖਤਰਾ’

post-img

ਫੌਜ ਦੇ ਸੇਵਾਮੁਕਤ ਅਧਿਕਾਰੀਆਂ ਨੇ ਇਕਜੁੱਟਤਾ ਨਾਲ ਅਗਨੀਵੀਰ ਯੋਜਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਯੋਜਨਾ ਜਿੱਥੇ ਕੌਮੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਉਥੇ ਇਹ ਬੇਰੁਜ਼ਗਾਰੀ ਵਿੱਚ ਵੀ ਬੇਤਹਾਸ਼ਾ ਵਾਧਾ ਕਰੇਗੀ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੇਵਾਮੁਕਤ ਲੈਫ. ਜਨਰਲ ਹਰਵੰਤ ਸਿੰਘ, ਲੈਫ. ਜਨਰਲ ਜਸਬੀਰ ਸਿੰਘ ਧਾਲੀਵਾਲ ਅਤੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੌਜ ’ਚ ਭਰਤੀ ਲਈ ਲਿਆਂਦੀ ਗਈ ਅਗਨੀਵੀਰ ਯੋਜਨਾ ਜਲਦਬਾਜ਼ੀ ’ਚ ਲਿਆਦੀ ਗਈ ਹੈ। ਇਨ੍ਹਾਂ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਗੱਲ ਸ਼ਾਮਲ ਕੀਤੀ ਹੈ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਅਗਨੀਵੀਰ ਸਕੀਮ ਰੱਦ ਕੀਤੀ ਜਾਵੇਗੀ। ਸੇਵਾਮੁਕਤ ਲੈਫ. ਜਨਰਲ ਹਰਵੰਤ ਸਿੰਘ ਨੇ ਕਿਹਾ ਕਿ ਅਗਨੀਵੀਰ ਚਾਰ ਸਾਲਾਂ ਬਾਅਦ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਹੋਵੇਗਾ ਤੇ ਜਾਂ ਫਿਰ ਗਲਤ ਹੱਥਾਂ ਵਿੱਚ ਚੜ੍ਹ ਜਾਵੇਗਾ। ਇਸ ਨਾਲ ਜਿੱਥੇ ਦੇਸ਼ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਵੇਗਾ, ਉਥੇ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਦੀ ਸਥਿਤੀ ਵਿਗੜੇਗੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ’ਚੋਂ ਹਰ ਸਾਲ 66000 ਫੌਜੀ ਸੇਵਾਮੁਕਤ ਹੁੰਦੇ ਹਨ ਜਦੋਂਕਿ ਅਗਨੀਵੀਰ ਯੋਜਨਾ ਰਾਹੀਂ 20,000 ਫੌਜੀ ਭਰਤੀ ਹੋ ਰਹੇ ਹਨ। ਹਰ ਸਾਲ ਫੌਜ ’ਚੋਂ 46000 ਫੌਜੀਆ ਦੀ ਕਟੌਤੀ ਹੁੰਦੀ ਜਾ ਰਹੀ ਹੈ। ਜੇ ਹਰ ਸਾਲ ਭਾਰਤੀ ਫੌਜ ਦੀ ਗਿਣਤੀ ਘਟਦੀ ਰਹੇਗੀ ਤਾਂ ਇਕ ਦਿਨ ਅਜਿਹਾ ਆਵੇਗਾ ਕਿ ਭਾਰਤ ਦੀ ਸੁਰੱਖਿਆ ਲਈ ਫੌਜ ਦੀ ਗਿਣਤੀ ਨਾਮਾਤਰ ਰਹਿ ਜਾਵੇਗੀ।

Related Post