July 6, 2024 03:05:12
post

Jasbeer Singh

(Chief Editor)

Entertainment

77ਵਾਂ ਕਾਨ ਫਿਲਮ ਫੈਸਟੀਵਲ : ਸਰਬੋਤਮ ਅਦਾਕਾਰਾ ਦੇ ਖ਼ਿਤਾਬ ਲਈ ਭਾਰਤੀ ਅਭਿਨੇਤਰੀ ਅਨੁਸੂਈਆ ਸੇਨਗੁਪਤਾ ਦੇ ਨਾਂ ਦਾ ਹੋਇਆ ਐ

post-img

ਫ਼ਰਾਂਸ ਵਿਚ ਕਾਨ ਫਿਲਮ ਫੈਸਟੀਵਲ ਦੇ 77ਵੇਂ ਅੰਕ ਦੀ ਵਿਸ਼ੇਸ਼ ਪ੍ਰਾਪਤੀ ਨੇ ਭਾਰਤੀਆਂ ਦਾ ਸਿਰ ਉੱਚਾ ਕਰ ਦਿੱਤਾ ਜਦੋਂ ਇਸ ਦੇ 77 ਵਰ੍ਹਿਆਂ ਦੇ ਇਤਿਹਾਸ ਵਿਚ ਪਹਿਲੀ ਵਾਰੀ ਸਰਬੋਤਮ ਅਦਾਕਾਰਾ ਦੇ ਖ਼ਿਤਾਬ ਲਈ ਭਾਰਤੀ ਅਭਿਨੇਤਰੀ ਅਨੁਸੂਈਆ ਸੇਨਗੁਪਤਾ ਦੇ ਨਾਂ ਦਾ ਐਲਾਨ ਕੀਤਾ ਗਿਆ। ਇਹ ਪਹਿਲਾ ਮੌਕਾ ਹੈ ਕਿ ਕਿਸੇ ਭਾਰਤੀ ਅਭਿਨੇਤਰੀ ਨੂੰ ਮੁੱਖ ਭੂਮਿਕਾ ਲਈ ਇਹ ਐਵਾਰਡ ਦਿੱਤਾ ਗਿਆ ਹੋਵੇ। ਅਨੁਸੂਈਆ ਨੂੰ ਇਹ ਪੁਰਸਕਾਰ ਉਸ ਦੀ ਹਿੰਦੀ ਤੇ ਅੰਗਰੇਜ਼ੀ ਫਿਲਮ ‘ਦਿ ਸ਼ੇਮਲੈੱਸ’ ਲਈ ਦਿੱਤਾ ਗਿਆ ਹੈ। ਇਹ ਚੋਟੀ ਦਾ ਅਭਿਨੈ ਪੁਰਸਕਾਰ ਹੈ, ਜੋ ਵੱਕਾਰੀ ਭੂਮਿਕਾ ਦੇ ਜਲਵੇ ਨੂੰ ਵੇਖ ਕੇ ਦਿੱਤਾ ਜਾਂਦਾ ਹੈ। ਇਸ ਵਾਰ ਕਾਨ ਵਿਚ ਕੁਝ ਹੋਰ ਭਾਰਤੀ ਕਲਾਕਾਰਾਂ ਨੇ ਵੀ ਪੁਰਸਕਾਰ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਪਰ ਅਨੁਸੂਈਆ ਦੀ ਪ੍ਰਾਪਤੀ ਨੂੰ ਵੱਡਾ ਕਿਹਾ ਜਾ ਸਕਦਾ ਹੈ। ‘ਦਿ ਸ਼ੇਮਲੈੱਸ’ ਫਿਲਮ ਅਸਲ ਵਿਚ ਭਾਰਤੀ ਦੇਹ-ਵਪਾਰ ਦੇ ਚਕਲਿਆਂ ਦੀ ਜ਼ਿੰਦਗੀ ’ਤੇ ਅਧਾਰਿਤ ਕਹਾਣੀ ’ਤੇ ਹੈ, ਜੋ ਇਕ ਨੰਗੀ ਸੱਚਾਈ ਹੈ ਅਤੇ ਜਿਸਨੂੰ ਬੁਲਗਾਰੀਆਈ ਮੂਲ ਦੇ ਪ੍ਰਸਿੱਧ ਨਿਰਦੇਸ਼ਕ ਕੋਂਸਟੇਟਿਨ ਬੋਜਾਨੇਵ ਨੇ ਡਾਇਰੈਕਟ ਕੀਤਾ ਹੈ। ਅਨੁਸੂਈਆ ਬਾਰੇ ਗੱਲ ਕਰਦਿਆਂ ਮੈਨੂੰ ਪੁਣੇ ਸ਼ਹਿਰ ਦੇ ਦਿਨ ਯਾਦ ਆ ਜਾਂਦੇ ਹਨ। ਅਨੁਸੂਈਆ ਵੀ ਉੱਥੇ ਗਈ ਪਰ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ’ਚ ਉਸ ਨੇ ਪੜ੍ਹਾਈ ਕੀਤੀ ਹੈ। ਅੰਗਰੇਜ਼ੀ ਸਾਹਿਤ ਦੀ ਇਹ ਪੜ੍ਹਾਕੂ ਹੁਣ ਪੂਰੀ ਦੁਨੀਆ ਵਿਚ ਛਾ ਗਈ ਹੈ। ਆਪਣੀਆਂ ਮੁਲਾਕਾਤਾਂ ਵਿਚ ਉਹ ਦੱਸਦੀ ਹੈ ਕਿ ਉਸਨੂੰ ਕਦੀ ਵੀ ਅਦਾਕਾਰੀ ਦਾ ਖਿਆਲ ਨਹੀਂ ਸੀ। ਉਹ ਸਦਾ ਇਕ ਅੰਗਰੇਜ਼ੀ ਪੱਤਰਕਾਰ ਬਣਨਾ ਚਾਹੁੰਦੀ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹ ਇਕ ਅਭਿਨੇਤਰੀ ਬਣ ਗਈ। ਬਾਅਦ ਵਿਚ ਪ੍ਰੋਡਕਸ਼ਨ ਡਿਜ਼ਾਈਨਰ ਬਣ ਗਈ। ਇਹ 2009 ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ। 2009 ਵਿਚ ਉਸ ਨੇ ਬੰਗਾਲੀ ਫਿਲਮ ‘ਮੈਡਲੀ ਬੰਗਾਲੀ’ ਵਿਚ ਕੰਮ ਕੀਤਾ ਸੀ, ਜਿਸਨੂੰ ਬੰਗਾਲੀ ਡਾਇਰੈਕਟਰ ਅੰਜਨ ਦੱਤ ਨੇ ਨਿਰਦੇਸ਼ਿਤ ਕੀਤਾ ਸੀ। ਉਸਨੇ ਯਸ਼ਰਾਜ ਨਾਲ ਪ੍ਰੇਮ ਵਿਆਹ ਕੀਤਾ ਜੋ ਫਿਲਮਕਾਰੀ ਵਿਚ ਮਸਰੂਫ਼ ਹੈ। 2013 ਵਿਚ ਉਹ ਮੁੰਬਈ ਦੀ ਫਿਲਮੀ ਦੁਨੀਆ ਵਿਚ ਆ ਗਈ। ਯਥਾਰਥ ਨੇੜੇ ਹੋਣੀਆਂ ਚਾਹੀਦੀਆਂ ਨੇ ਫਿਲਮਾਂ ਅਨੁਸੂਈਆ ਇਕ ਆਮ ਬੰਗਾਲੀ ਅਭਿਨੇਤਰੀ ਹੈ, ਜਿਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸਨੂੰ ਕਾਨ ਵਰਗੇ ਸਮਾਗਮ ਵਿਚ ਦੁਨੀਆ ਭਰ ਦੀਆਂ ਗੋਰੀਆਂ ਤੇ ਗਲੈਮਰ ਨਾਲ ਭਰੇ ਸੰਸਾਰ ਵਿਚੋਂ ਸਰਬੋਤਮ ਅਭਿਨੇਤਰੀ ਵਜੋਂ ਚੁਣਿਆ ਜਾਵੇਗਾ। ਮੇਰੀ ਪਹਿਲੀ ਮੁਲਾਕਾਤ ਉਸ ਨਾਲ ਪੁਣੇ ਵਿਖੇ 2009 ਵਿਚ ਹੋਈ ਸੀ। ਉਹ ਆਪਣੀ ਫਿਲਮ ‘ਬੰਗਾਲੀ ਮੈਡਲੀ’ ਦੇ ਸਿਲਸਿਲੇ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫਟੀਆਈਆਈ) ਆਈ ਸੀ। ਫਿਲਮ ਇੰਸਟੀਚਿਊਟ ਦੀ ਕੰਟੀਨ ਵਿਚ ਕਈ ਵਾਰ ਚਾਹ ਪੀਂਦਿਆਂ ਹੋਇਆਂ ਸ਼ਾਇਦ ਹੀ ਕਿਸੇ ਨੇ ਕਦੀ ਸੋਚਿਆ ਹੋਵੇਗਾ ਕਿ ਇਕ ਸਾਂਵਲੇ ਰੰਗ ਵਾਲੀ ਸਧਾਰਨ ਦਿੱਖ ਵਾਲੀ ਕੁੜੀ ਵੀ ਕਦੀ ਦੁਨੀਆ ਦੀ ਸਭ ਤੋਂ ਵਧੀਆ ਅਭਿਨੇਤਰੀ ਹੋ ਸਕਦੀ ਹੈ। ਫਿਲਮਾਂ ਬਾਰੇ ਉਸ ਦੀ ਧਾਰਨਾ ਹੈ ਕਿ ਇਹ ਯਥਾਰਥ ਦੇ ਨੇੜੇ ਹੋਣੀਆਂ ਚਾਹੀਦੀਆਂ ਹਨ। ਉਹ ਆਪਣੇ ਕਿਰਦਾਰ ਹਮੇਸ਼ਾ ਜ਼ਮੀਨ ਵਿਚੋਂ ਚੁਣਦੀ ਹੈ। ਇਹੀ ਕਾਰਨ ਹੈ ਕਿ ‘ਮੈਡਲੀ ਬੰਗਾਲੀ’ ਤੇ ‘ਦਿ ਸ਼ੇਮਲੈੱਸ’ ਦੇ ਕਿਰਦਾਰਾਂ ਵਿਚ ਉਸ ਨੇ ਅਜਿਹੀ ਜਾਨ ਪਾਈ ਕਿ ਪੂਰੀ ਦੁਨੀਆ ਅੱਜ ਅਸ਼-ਅਸ਼ ਕਰ ਰਹੀ ਹੈ। ਅਸਲ ਵਿਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਮੂਲ ਰੂਪ ਵਿਚ ਬੰਗਲਾ ਥੀਏਟਰ ਦੀ ਦੇਣ ਹੈ। ਅਨੁਸੂਈਆ ਨੇ ਇਹ ਐਵਾਰਡ ਦੁਨੀਆ ਭਰ ਦੇ ਸਮਲੈਂਗਿਕ ਭਾਈਚਾਰੇ ਨੂੰ ਸਮਰਪਿਤ ਕੀਤਾ ਹੈ। ਉਸਨੇ ਕਿਹਾ ਕਿ ਉਹ ਇਕ ਵਰਗ ਦੀ ਲੜਾਈ ਦਾ ਹਿੱਸਾ ਹੈ ਜੋ ਪੂਰੀ ਦੁਨੀਆ ਵਿਚ ਲੜੀ ਜਾ ਰਹੀ ਹੈ, ਸਮਾਜ ’ਚ ਬਰਾਬਰੀ ਦੇ ਹੱਕ ਲਈ ਹੈ। ਫਿਲਮ ਦੋ ਸੈਕਸ ਵਰਕਰਾਂ ਦੀ ਕਹਾਣੀ ‘ਦਿ ਸ਼ੇਮਲੈੱਸ’ ਫਿਲਮ ਦੋ ਸੈਕਸ ਵਰਕਰਾਂ ਦੀ ਕਹਾਣੀ ਤੇ ਉਨ੍ਹਾਂ ਦੇ ਰਿਸ਼ਤਿਆਂ ਦਾ ਬੇਹੱਦ ਤਣਾਅਪੂਰਨ ਪਰ ਭਾਵਪੂਰਤ ਪ੍ਰਗਟਾਵਾ ਕਰਦੀ ਹੈ। ਇਸ ਫਿਲਮ ਨੂੰ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸਨੇ ਕਿਵੇਂ ਇਹ ਭੂਮਿਕਾ ਕੀਤੀ ਹੋਵੇਗੀ। ਇਸ ਫਿਲਮ ਵਿਚ ਉਹ ਅਦਾਕਾਰੀ ਦਾ ਸਿਖਰ ਛੂੰਹਦੀ ਹੋਈ ਮਹਿਸੂਸ ਹੁੰਦੀ ਹੈ। ਇਸ ਦੀ ਛੋਟੀ ਦੂਸਰੀ ਭੂਮਿਕਾ ਅਮਾਰਾ ਸ਼ੈੱਟੀ ਨੇ ਕੀਤੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਇਸਦੇ ਪ੍ਰੀਵਿਊ ਵਿਚ ਉਸਨੂੰ ਪੁੱਛਿਆ ਸੀ ਕਿ ਇਕ ਸੈਕਸ ਵਰਕਰ ਦੇ ਕਿਰਦਾਰ ਨੂੰ ਨਿਭਾਉਦਿਆਂ ਸਭ ਤੋਂ ਵੱਡੀ ਗੱਲ ਦਿਲ ਨੂੰ ਕੀ ਲੱਗੀ ਤਾਂ ਉਸਨੇ ਅਚਾਨਕ ਕਿਹਾ ਸੀ ਕਿ ਇਹ ਪੀੜਤ ਸਰੀਰ ਤੇ ਦਿਲ ਦੀ ਕਹਾਣੀ ਹੈ, ਜੋ ਮੇਰੇ ਦੇ ਬਹੁਤ ਨਜ਼ਦੀਕ ਹੈ। ਬੋਜਾਨੇਵ ਨੇ ਇਸ ’ਤੇ ਬਹੁਤ ਮਿਹਨਤ ਕੀਤੀ ਹੈ। ਭਾਰਤ ਨੂੰ ਮਿਲ ਚੁੱਕੀਆਂ 39 ਨੌਮੀਨੇਸ਼ਨਾਂ ਅਸਲ ਵਿਚ ਉਹ ਪਹਿਲਾਂ ਫਿਲਮ ਨੂੰ ਐਨੀਮੇਟਡ ਮੋਡ ਵਿਚ ਬਣਾਉਣਾ ਚਾਹੁੰਦੇ ਸਨ ਪਰ ਅਨੁਸੂਈਆ ਦੀ ਹਿੰਮਤ ਸਦਕਾ ਉਹ ਇਸਨੂੰ ਇਸ ਰੂਪ ਵਿਚ ਬਣਾਉਣ ਵਿਚ ਸਫਲ ਹੋ ਸਕੇ। ਅੱਜ ਇਹ ਫਿਲਮ ਤੇ ਅਨੁਸੂਈਆ ਫਿਲਮ ਅਕਾਸ਼ ਵਿਚ ਵੱਡੇ ਸਿਤਾਰੇ ਹਨ। ਫਿਲਮ ਵਿਚ ਸੈਕਸ ਵਰਕਰ ਰੇਣੂਕਾ ਦੀ ਭੂਮਿਕਾ ਐਨੀ ਤਾਕਤਵਰ ਹੈ ਕਿ ਉਸਦੇ ਹਾਵ-ਭਾਵ ਤੁਸੀਂ ਫਿਲਮ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ। ਇਸ ਤੋਂ ਪਹਿਲਾਂ ਉਹ ਨੈੱਟਫਲਿਕਸ ਦੀ ‘ਮਸਾਬਾ ਮਸਾਬਾ’ ਨੂੰ ਡਿਜ਼ਾਈਨ ਕਰ ਚੁੱਕੀ ਹੈ। ਇਹ ਵੀ ਦਿਲਚਸਪ ਹੈ ਕਿ ਕਾਨ ਵਿਚ ਹੁਣ ਤੱਕ 77 ਵਰ੍ਹਿਆਂ ਦੇ ਇਤਿਹਾਸ ਵਿਚ 32 ਭਾਰਤੀ ਫਿਲਮਾਂ ਨੂੰ 39 ਨੌਮੀਨੇਸ਼ਨਾਂ ਮਿਲੀਆਂ ਸਨ ਅਤੇ ਫਿਲਮ ‘ਨੀਚਾ ਨਗਰ’ ਪਹਿਲੀ ਐਵਾਰਡ ਜੇਤੂ ਫਿਲਮ ਬਣੀ ਸੀ ਪਰ ਅਦਾਕਾਰੀ ਦੀ ਧਾਕ 77 ਵਰ੍ਹਿਆਂ ਵਿਚ ਅਨੁਸੂੀਆ ਦੇ ਹਿੱਸੇ ਹੀ ਆਈ ਹੈ, ਜਿਸ ’ਤੇ ਅੱਜ ਸਾਰੇ ਭਾਰਤੀਆਂ ਨੂੰ ਫ਼ਖ਼ਰ ਹੈ। ਵਰਣਨਯੋਗ ਹੈ ਕਿ ਭਾਰਤੀ ਫਿਲਮ ਤੇ ਟੀਵੀ ਇੰਸਟੀਚਿਊਟ ਦੇ ਵਿਦਿਆਰਥੀ ਚਿਤਾਨੰਦ ਐੱਸ ਨਾਇਕ ਦੀ ਫਿਲਮ ‘ਸਨਫਲਾਵਰਜ਼ ਵਰ ਦਿ ਫਸਟ ਵਨਸ ਟੂ ਨੋ’ ਨੂੰ ਵੀ ਪੁਰਸਕਾਰ ਦਿੱਤਾ ਗਿਆ ਹੈ। ਭਾਰਤੀ ਪ੍ਰਤਿਭਾ ਦਾ ਸਨਮਾਨ ਪ੍ਰੀਵਿਊ ’ਚ ਮੈਂ ਜਦੋਂ ਇਸਨੂੰ ਵੇਖਿਆ ਸੀ ਕਿ ਅਸੀਂ ਦਿੱਲੀ ਤੇ ਭਾਰਤ ਦੇ ਵੱਡੇ ਸ਼ਹਿਰਾਂ ਦੀ ਜ਼ਿੰਦਗੀ ਦਾ ਇਕ ਉਹ ਛਿਣ ਤੇ ਯਥਾਰਥ ਵੇਖ ਰਹੇ ਹਾਂ ਜੋ ਸਾਡੇ ਸਾਹਮਣੇ ਹੁੰਦਾ ਹੈ ਪਰ ਅਸੀਂ ਚੁੱਪ ਹਾਂ। ‘ਦਿ ਸ਼ੇਮਲੈੱਸ’ ਸਾਨੂੰ ਆਪਣੀ ਸ਼ਰਮ ’ਚ ਡੁੱਬਣ ਦਿੰਦੀ ਹੈ ਅਤੇ ਅਨੁਸੂਈਆ ਦੀ ਸਧਾਰਨ ਅਦਾਕਾਰੀ ਵੀ ਕਮਾਲ ਦਾ ਅਸਲੀਪਨ ਭਰਦੀ ਹੈ। 77 ਵਰ੍ਹਿਆਂ ਦੇ ਇਤਿਹਾਸ ਵਿਚ ਅਨੁਸੂਈਆ ਨੂੰ ਇਹ ਪੁਰਸਕਾਰ ਮਿਲਣਾ ਅਸਲ ਵਿਚ ਭਾਰਤੀ ਪ੍ਰਤਿਭਾ ਦਾ ਸਨਮਾਨ ਹੈ, ਜਿਸ ਲਈ ਅਨੁਸੂਈਆ ਸੇਨਗੁਪਤਾ ਨੂੰ ਸ਼ੁੱਭਕਾਮਨਾਵਾਂ। ਕਾਸ਼ ਭਾਰਤੀ ਦਿੱਗਜ ਨਿਰਮਾਤਾ ਨਿਰਦੇਸ਼ਕ ਵੀ ਅਜਿਹੀਆਂ ਫਿਲਮਾਂ ਬਣਾ ਸਕਦੇ। ‘ਫਾਰਗੈੱਟ ਮੀ ਨਾਟ’ ਨਾਲ ਬਣੀ ਪਛਾਣ ਅਨੁਸੂਈਆ ਦੀ ਲਿਸਟ ਵਿਚ (ਸਾਤ ਉਚੱਕੇ) 2016 ਵੀ ਵਿਸ਼ੇਸ਼ ਹੈ ਅਤੇ ਸ਼੍ਰੀਜੀਤ ਮੁਖਰਜੀ ਦੀ ਅੰਗਰੇਜ਼ੀ ਸ਼ਾਰਟ ਫਿਲਮ ‘ਫਾਰਗੈੱਟ ਮੀ ਨਾਟ’ ਵੀ ਵਧੀਆ ਅਦਾਕਾਰੀ ਲਈ ਅਨੁਸੂਈਆ ਦੀ ਪਛਾਣ ਬਣੀ ਹੈ। ਉਸ ਲਈ ਇਹ ਪੁਰਸਕਾਰ ਇਕ ਵੱਕਾਰੀ ਹੈ, ਜਿਸ ਨਾਲ ਉਸ ਦੀ ਪਛਾਣ ਦੇ ਨਾਲ-ਨਾਲ ਪੂਰੀ ਭਾਰਤੀ ਫਿਲਮ ਇੰਡਸਟਰੀ ਨੂੰ ਇਕ ਨਵੀਂ ਪਛਾਣ ਮਿਲੀ ਹੈ। ਦਰਅਸਲ (ਦਿ ਸ਼ੇਮਲੈੱਸ) ਇਸ ਸਮੁੱਚੀ ਕਹਾਣੀ ਵਿਚ ਦਿੱਲੀ ਦੀਆਂ ਉਨ੍ਹਾਂ ਔਰਤਾਂ ਦੀ ਦਰਦ ਭਰੀ ਦਾਸਤਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ ਜੋ ਇਸ ਸਮਾਜ ਵਿਚ ਨਾਬਰਾਬਰੀ, ਔਰਤਾਂ ’ਤੇ ਜ਼ੁਲਮ, ਪੁਲਿਸ ਦਾ ਵਿਚੋਲਗੀ ਵਾਲਾ ਚਿਹਰਾ ਵਿਖਾਉਦੀ ਹੈ। ਇਕ ਸੁਚੱਜੇ ਤੇ ਸਭਿਆ ਸਮਾਜ ਦੀ ਪਛਾਣ ਦੀ ਲੜਾਈ ਹੈ। ਅਨੁਸੂਈਆ ਦੀ ਇਹ ਫਿਲਮ ਸਾਡੇ ਅੱਜ ਦੇ ਸਮਾਜ ਬਾਰੇ ਬਹੁਤ ਕੁਝ ਕਹਿੰਦੀ ਹੈ। ਬਸ ਸੁਣਨ ਤੇ ਵੇਖਣ ਵਾਲੇ ਦੇ ਅੱਖਾਂ ਤੇ ਕੰਨ ਹੋਣ।

Related Post