post

Jasbeer Singh

(Chief Editor)

Latest update

ਪੰਜਾਬੀ ਦੇ ਸਭ ਤੋਂ ਵੱਧ ਚਰਚਿਤ ਗਾਇਕ ਰਹੇ ਅਮਰ ਸਿੰਘ ਚਮਕੀਲਾ ਦੀ ਅੱਜ-ਕੱਲ੍ਹ ਫਿਰ ਹੋ ਰਹੀ ਹੈ ਚਰਚਾ, ਪੜ੍ਹੋ ਜ਼ਿੰਦਗੀ ਨਾ

post-img

ਜੇ ਪੰਜਾਬੀ ਗਾਇਕੀ ਦੀ ਪਹਿਲੀ ਰਿਕਾਰਡਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਸੰਨ 1909-10 ਦੇ ਕਰੀਬ ਹੋਣੀ ਸ਼ੁਰੂ ਹੋ ਗਈ ਸੀ। ਇਸ ਦੇ ਆਉਣ ਨਾਲ ਪੰਜਾਬੀ ਲੋਕ ਗਾਇਕ, ਗਾਇਕਾਵਾਂ ਦੀਆਂ ਆਵਾਜ਼ਾਂ ਗ੍ਰਾਮੋਫੋਨ ਰਿਕਾਰਡ ਰਾਹੀਂ ਆਸਾਨੀ ਨਾਲ ਦੂਰ ਬੈਠੇ ਲੋਕਾਂ ਵੱਲੋਂ ਸੁਣੀਆਂ ਜਾਣ ਲੱਗੀਆਂ ਸਨ। ਫਿਰ ਜਿਉਂ ਜਿਉਂ ਸਮਾਂ ਬਦਲਦਾ ਗਿਆ ਨਵੀਆਂ ਤਕਨੀਕਾਂ ਦੀ ਆਮਦ ਨਾਲ ਗਾਇਕਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਨ ਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਵੀ ਬਦਲਣ ਲੱਗੇ। ਜੇ ਪੰਜਾਬੀ ਗਾਇਕੀ ਦੀ ਪਹਿਲੀ ਰਿਕਾਰਡਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਸੰਨ 1909-10 ਦੇ ਕਰੀਬ ਹੋਣੀ ਸ਼ੁਰੂ ਹੋ ਗਈ ਸੀ। ਇਸ ਦੇ ਆਉਣ ਨਾਲ ਪੰਜਾਬੀ ਲੋਕ ਗਾਇਕ, ਗਾਇਕਾਵਾਂ ਦੀਆਂ ਆਵਾਜ਼ਾਂ ਗ੍ਰਾਮੋਫੋਨ ਰਿਕਾਰਡ ਰਾਹੀਂ ਆਸਾਨੀ ਨਾਲ ਦੂਰ ਬੈਠੇ ਲੋਕਾਂ ਵੱਲੋਂ ਸੁਣੀਆਂ ਜਾਣ ਲੱਗੀਆਂ ਸਨ। ਫਿਰ ਜਿਉਂ ਜਿਉਂ ਸਮਾਂ ਬਦਲਦਾ ਗਿਆ ਨਵੀਆਂ ਤਕਨੀਕਾਂ ਦੀ ਆਮਦ ਨਾਲ ਗਾਇਕਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਨ ਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਵੀ ਬਦਲਣ ਲੱਗੇ। ਇਸ ਤਰ੍ਹਾਂ ਕਰਦੇ ਕਰਾਉਦੇ ਪੰਜਾਬੀ ਲੋਕ ਗਾਇਕੀ ਦੇ ਕਈ ਦੌਰ ਆਏ। ਸੰਨ ’47 ਵਿਚ ਮੁਲਕ ਦੇ ਬਟਵਾਰੇ ਤੋਂ ਬਾਅਦ ਪੰਜਾਬੀ ਗਾਇਕੀ ’ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਪੰਜਾਬੀ ਗਾਇਕੀ ਵੀ ਦੋ ਹਿੱਸਿਆਂ ਵਿਚ ਵੰਡੀ ਗਈ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਰੂਪ ਵਿਚ। ਇਸ ਤੋਂ ਬਾਅਦ ਚੜ੍ਹਦੇ ਪੰਜਾਬ ਵਿਚ ਆਈਆਂ ਸੱਭਿਆਚਾਰਕ ਤੇ ਹੋਰ ਤਬਦੀਲੀਆਂ ਨਾਲ ਗਾਇਕੀ ਦੇ ਪਿੜ ਵਿਚ ਆਏ ਬਹੁਤ ਸਾਰੇ ਪੰਜਾਬੀ ਲੋਕ ਗਾਇਕਾਂ ਨੇ ਚੰਗਾ ਨਾਮਣਾ ਖੱਟਿਆ। ਫਿਰ ਹੌਲੀ-ਹੌਲੀ ਮਰਦ ਗਾਇਕਾਂ ਨਾਲ ਔਰਤ ਗਾਇਕਾਵਾਂ ਨੇ ਵੀ ਮੋਢੇ ਨਾਲ ਮੋਢਾ ਜੋੜ ਕੇ ਗਾਉਣਾ ਸ਼ੁਰੂ ਕਰ ਦਿੱਤਾ। 1960 ਤੋਂ ਬਾਅਦ ਪੰਜਾਬ ਵਿਚ ਸਟੇਜੀ ਅਖਾੜਿਆਂ ਨਾਲ ਦੋਗਾਣਾ ਗਾਇਕੀ ਦਾ ਮੁੱਢ ਬੱਝਾ। ਉਸ ਦੌਰ ਵਿਚ ਕਈ ਗਾਇਕਾਂ ਨੇ ਔਰਤ ਗਾਇਕਾਵਾਂ ਨਾਲ ਮਿਲ ਕੇ ਸੈੱਟ ਬਣਾ ਲਏ ਸਨ। ਫਿਰ ਇਨ੍ਹਾਂ ਜੋੜੀਆਂ ਨੇ ਪੰਜਾਬੀ ਦੋਗਾਣਾ ਗਾਇਕੀ ਨੂੰ ਸਿਖਰਾਂ ’ਤੇ ਪਹੁੰਚਾਇਆ। ’80 ਦੇ ਦਹਾਕੇ ਵਿਚ ਅਮਰ ਸਿੰਘ ਚਮਕੀਲਾ ਦੀ ਪੰਜਾਬੀ ਲੋਕ ਗਾਇਕੀ ਵਿਚ ਧਮਾਕੇਦਾਰ ਐਂਟਰੀ ਹੋਈ। ਸ਼ੁਰੂ ਸ਼ੁਰੂ ਵਿਚ ਚਮਕੀਲਾ ਨੇ ਸੁਰਿੰਦਰ ਸੋਨੀਆ ਨਾਲ ਸੈੱਟ ਬਣਾ ਕੇ ਗਾਉਣਾ ਸ਼ੁਰੂ ਕੀਤਾ। ਫਿਰ ਚਮਕੀਲਾ ਤੇ ਅਮਰਜੋਤ ਦੀ ਜੋੜੀ ਨੇ ਅਖਾੜਾ ਗਾਇਕੀ ਦੇ ਪਿੜ ਵਿਚ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਇਸ ਵਿਚ ਜੋ ਸ਼ੋਹਰਤ ਹਾਸਲ ਹੋਈ ਉਸ ਦੀਆਂ ਗੱਲਾਂ ਅੱਜ ਵੀ ਸੁਣਨ ਨੂੰ ਮਿਲਦੀਆਂ ਹਨ। ਪਿੰਡਾਂ ਵਿਚ ਲੱਗਦੇ ਉਸ ਦੇ ਅਖਾੜਿਆਂ ਵਿਚ ਰਿਕਾਰਡਤੋੜ ਇਕੱਠ ਹੁੰਦਾ ਸੀ। ਉਸ ਦੌਰ ਦੇ ਪੰਜਾਬੀ ਦੇ ਸਭ ਤੋਂ ਵੱਧ ਚਰਚਿਤ ਗਾਇਕ ਰਹੇ ਅਮਰ ਸਿੰਘ ਚਮਕੀਲਾ ਦੀ ਅੱਜ-ਕੱਲ੍ਹ ਕਾਫੀ ਚਰਚਾ ਹੋ ਰਹੀ ਹੈ। ਇੰਟਰਨੈੱਟ ਮੀਡੀਆ ਦੇ ਲਗਪਗ ਸਾਰੇ ਪਲੇਟਫਾਰਮਾਂ ’ਤੇ ਚਮਕੀਲਾ ਚਮਕੀਲਾ ਹੀ ਹੋਈ ਪਈ ਹੈ। ਓਟੀਟੀ ਪਲੇਟਫਾਰਮ, ਟੀਵੀ, ਯੂਟਿਊਬ, ਫੇਸਬੁੱਕ, ਇੰਸਟਾ ਆਦਿ ਹਰ ਜਗ੍ਹਾ ਚਮਕੀਲੇ ਦੀ ਗਾਇਕੀ, ਨਿੱਜੀ ਜ਼ਿੰਦਗੀ, ਉਸ ਦੇ ਸੰਘਰਸ਼, ਖਾਣ-ਪੀਣ, ਰਹਿਣ, ਆਚਾਰ ਵਿਹਾਰ, ਪਰਿਵਾਰ, ਮੌਤ ਆਦਿ ਬਾਰੇ ਬਹੁਤ ਸਾਰੀਆਂ ਗੱਲਾਂ, ਤਬਸਰੇ ਹੋ ਰਹੇ ਹਨ। ਘਰ-ਘਰ ਬਣਾਈਆਂ ਜਾ ਰਹੀਆਂ ਨੇ ਰੀਲਾਂ ਗੀਤ-ਸੰਗੀਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਸਮਾਜ ਵਿਚ ਚੰਗੇ ਸਾਹਿਤਕ ਗੀਤ ਵੀ ਬਹੁਤ ਸਾਰੇ ਗਾਇਕਾਂ ਨੇ ਗਾਏ ਹਨ, ਜਿਨ੍ਹਾਂ ਨੂੰ ਪਸੰਦ ਵੀ ਕੀਤਾ ਗਿਆ ਪਰ ਓਨਾ ਪਸੰਦ ਨਹੀ ਕੀਤਾ ਗਿਆ ਜਿੰਨੇ ਦੇ ਉਹ ਹੱਕਦਾਰ ਸਨ। ਦੂਜੇ ਪਾਸੇ ਗ਼ੈਰ-ਮਿਆਰੀ ਗੀਤਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਲੋਕਾਂ ਤੋਂ ਕਿਤੇ ਜ਼ਿਆਦਾ ਹੈ, ਜੋ ਮਿਆਰੀ ਗੀਤ ਸੁਣਦੇ ਹਨ। ਇਹ ਇਕ ਸੱਚਾਈ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਅੱਜ ਘਰ-ਘਰ ਲੋਕ ਰੀਲਾਂ ਬਣਾ ਕੇ ਮੋਟੀ ਕਮਾਈ ਕਰ ਰਹੇ ਹਨ। ਇਸ ਚੱਕਰ ਵਿਚ ਐਸੀਆਂ ਐਸੀਆਂ ਵੀਡੀਓ ਬਣਾ ਰਹੇ ਹਨ, ਜਿਸਨੂੰ ਸੱਭਿਅਕ ਸਮਾਜ ਵਿਚ ਚੰਗਾ ਨਹੀਂ ਸਮਝਿਆ ਜਾਂਦਾ। ਇਹ ਸਭ ਸਾਡੇ ਆਲੇ-ਦੁਆਲੇ ਹੋ ਰਿਹਾ ਤੇ ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਦਰਸ਼ਕ ਵੀ ਮਿਲ ਰਹੇ ਹਨ। ਲੋਕਾਂ ਦੀ ਪਸੰਦ ਦੀ ਇਹੋ ਨਬਜ਼ ਚਮਕੀਲੇ ਨੇ ਸੰਗੀਤ ਜਗਤ ਵਿਚ ਰਹਿ ਕੇ ਪਛਾਣ ਲਈ ਸੀ। ਕਾਫੀ ਸਮਾਂ ਗਾਇਕ ਸੁਰਿੰਦਰ ਛਿੰਦੇ ਦੀ ਸ਼ਾਗਿਰਦੀ ਕੀਤੀ ਅਤੇ ਉਨ੍ਹਾਂ ਨਾਲ ਅਖਾੜਿਆਂ ਵਿਚ ਵਿਚਰਦਾ ਰਿਹਾ। ਇਸ ਦੌਰਾਨ ਚਮਕੀਲੇ ਨੂੰ ਪਤਾ ਲੱਗ ਚੁੱਕਾ ਸੀ ਕਿ ਜੇਕਰ ਗ਼ੁਰਬਤ ਭਰੀ ਜ਼ਿੰਦਗੀ ’ਚੋਂ ਛੇਤੀ ਨਿਕਲਣਾ ਤਾਂ ਉਸ ਨੂੰ ਇਹੋ ਜਿਹੇ ਗੀਤ ਬਣਾਉਣੇ ਤੇ ਗਾਉਣੇ ਪੈਣਗੇ, ਜਿਨ੍ਹਾਂ ਵੱਲ ਲੋਕ ਜ਼ਿਆਦਾ ਖਿੱਚੇ ਜਾਂਦੇ ਹਨ। ਉਸ ਨੇ ਸਮਾਜ ਵਿਚ ਬਹੁਗਿਣਤੀ ਲੋਕਾਂ ਦੀ ਮਾਨਸਿਕਤਾ ’ਤੇ ਸੱਟ ਮਾਰੀ। ਸਮਾਜ ਵਿਚ ਪਰਦੇ ਓਹਲੇ ਜੋ ਵਾਪਰ ਰਿਹਾ ਸੀ ਉਸ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕਰ ਦਿੱਤਾ। ਬਿਹਤਰ ਸੀ ਆਵਾਜ਼ ਦੀ ਗੁਣਵੱਤਾ ਬਤੌਰ ਗੀਤਕਾਰ ਉਸ ਦੇ ਲਿਖੇ ਗੀਤਾਂ ਨੂੰ ਗਾ ਕੇ ਕਈ ਗਾਇਕਾਂ ਦੇ ਗੀਤ ਜਦੋਂ ਹਿੱਟ ਹੋਣ ਲੱਗੇ ਤਾਂ ਫਿਰ ਉਹ ਵਕਤ ਵੀ ਆ ਗਿਆ ਜਦੋਂ ਉਹ ਆਪਣੇ ਲਿਖੇ ਗੀਤ ਆਪ ਹੀ ਗਾਉਣ ਲੱਗਾ, ਜਿਨ੍ਹਾਂ ਦੀਆਂ ਤਰਜਾਂ ਵੀ ਉਹ ਆਪ ਹੀ ਬਣਾਇਆ ਕਰਦਾ ਸੀ। ਇਨ੍ਹਾਂ ਗੀਤਾਂ ਕਰ ਕੇ ਦਿਨਾਂ ਵਿਚ ਹੀ ਉਸ ਦੀ ਪ੍ਰਸਿੱਧੀ ਹੋ ਗਈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਚਮਕੀਲਾ ਸੁਰੀਲਾ ਗਾਉਂਦਾ ਸੀ। ਉਸ ਦੀ ਆਵਾਜ਼ ਦੀ ਗੁਣਵੱਤਾ ਬਾਕੀ ਗਾਇਕਾਂ ਦੇ ਮੁਕਾਬਲੇ ਚੰਗੀ ਸੀ ਅਤੇ ਆਵਾਜ਼ ਦੀ ਟੋਨ ਵੀ ਉੱਚੀ ਸੀ, ਜਿਸ ਨੂੰ ਪੰਜਾਬੀ ਬੇਹੱਦ ਪਸੰਦ ਕਰਦੇ ਹਨ। ਉਸ ਦੀਆਂ ਬਣਾਈਆਂ ਧੁੰਨਾਂ ਲੋਕਾਂ ਨੂੰ ਪਸੰਦ ਆਉਂਦੀਆਂ ਸਨ। ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਵੀ ਅਨੇਕ ਗਾਇਕ ਉਸ ਦੇ ਗੀਤਾਂ ਦੀਆਂ ਤਰਜਾਂ ਚੋਰੀ ਕਰ ਕੇ ਗੀਤ ਬਣਾ ਰਹੇ ਹਨ। ਉਸ ਦੇ ਉਸ ਦੌਰ ਵਿਚ ਗਾਏ ਗੀਤਾਂ ਨੂੰ ਅਨੇਕਾਂ ਵਾਰੀ ਰੀਮਿਕਸ ਕਰ ਕੇ ਮਾਰਕੀਟ ਵਿਚ ਲਿਆਂਦਾ ਜਾ ਚੁੱਕਾ ਹੈ। ਦੋਵਾਂ ਦੀ ਜੋੜੀ ਦਾ ਤਾਲਮੇਲ ਸੀ ਬਿਹਤਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਜੋੜੀ ਦੀ ਇਕ ਖ਼ਾਸੀਅਤ ਇਹ ਵੀ ਸੀ ਕਿ ਉਨ੍ਹਾਂ ਦੋਵਾਂ ਦੀ ਆਵਾਜ਼ ਬੁਲੰਦ ਤੇ ਸੁਰੀਲੀ ਸੀ, ਸੁਰ ਤਾਲ ਤੇ ਲੈਅ ਦੇ ਉਹ ਦੋਵੇਂ ਪੱਕੇ ਸਨ ਅਤੇ ਤਾਲਮੇਲ ਗਜ਼ਬ ਦਾ ਸੀ। ਅੱਜ-ਕੱਲ੍ਹ ਯੂਟਿਊਬ ’ਤੇ ਉਸ ਦੇ ਬਹੁਤ ਸਾਰੇ ਅਖਾੜਿਆਂ ਦੀ ਰਿਕਾਰਡਿੰਗ ਮੌਜੂਦ ਹੈ। ਇਨ੍ਹਾਂ ਵਿਚ ਉਸਨੂੰ ਮਾਈਕ ਅੱਗੇ ਖੜ੍ਹ ਕੇ ਗਾਉਦਿਆਂ ਨੂੰ ਵੇਖ ਕੇ ਇਹ ਗੱਲ ਨੋਟ ਕੀਤੀ ਗਈ ਕਿ ਉਹ ਮਾਈਕ ਦੇ ਬਿਲਕੁਲ ਨੇੜੇ ਹੋ ਕੇ ਨਹੀਂ ਗਾਉਦਾ ਸੀ। ਉਸ ਦੀ ਆਵਾਜ਼ ਹੀ ਇੰਨੀ ਉੱਚੀ ਸੀ ਕਿ ਮਾਈਕ ਦੇ ਨੇੜੇ ਹੋ ਕੇ ਗਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ। ਸਿਰਫ਼ ਉਸ ਦਾ ਅਸਲੀ ਨਾਂ ਹੀ ਧਨੀ ਰਾਮ ਨਹੀਂ ਸੀ ਬਲਕਿ ਉਹ ਸਟੇਜ ਦਾ ਵੀ ਧਨੀ ਸੀ। ਸਰੋਤਿਆਂ ਨੂੰ ਮੁਖ਼ਾਤਬ ਹੋਣ ਦਾ ਉਸ ਦਾ ਅੰਦਾਜ਼ ਨਿਰਾਲਾ ਸੀ। ਅਜਿਹੇ ਕਈ ਗੁਣਾਂ ਕਰ ਕੇ ਵੀ ਉਹ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਸੀ। ਯੂਟਿਊਬ ’ਤੇ ਸੁਣੇ ਜਾਂਦੇ ਨੇ ਉਸ ਦੇ ਗੀਤ ਜੇਕਰ ਮੌਜੂਦਾ ਦੌਰ ਵਿਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਗਾਇਕੀ ਪ੍ਰਤੀ ਲੋਕਾਂ ਦੇ ਨਜ਼ਰੀਏ ਦੀ ਗੱਲ ਕਰੀਏ ਤਾਂ ’80 ਦੇ ਦਹਾਕੇ ਵਾਂਗ ਲੋਕਾਂ ਦਾ ਇਕ ਵੱਡਾ ਵਰਗ ਅੱਜ ਵੀ ਉਸ ਦੀ ਗਾਇਕੀ ਦਾ ਦੀਵਾਨਾ ਹੈ, ਜਿਸ ਦੀ ਗਵਾਹੀ ਭਰਦਾ ਹੈ ਇੰਟਰਨੈੱਟ ਮੀਡੀਆ। ਲੱਖਾਂ ਲੋਕ ਉਸ ਦੇ ਗੀਤਾਂ ਨੂੰ ਯੂਟਿਊਬ ’ਤੇ ਸੁਣਦੇ ਹਨ। ਸਮਾਜ ਦਾ ਵੱਡਾ ਵਰਗ ਅਜਿਹਾ ਵੀ ਹੈ, ਜੋ ਉਸ ਦੀ ਗਾਇਕੀ ਤੇ ਗੀਤਕਾਰੀ ਨੂੰ ਭੰਡਦਾ ਹੈ। ਇਨ੍ਹਾਂ ਸਮਿਆਂ ਵਿਚ ਫਿਲਮ ‘ਚਮਕੀਲਾ’ ਰਾਹੀਂ ਨਿਰਦੇਸ਼ਕ ਇਮਤਿਆਜ਼ ਅਲੀ ਨੇ ਜਿੱਥੇ ਅਮਰ ਸਿੰਘ ਚਮਕੀਲਾ ਦੀ ਵਿਵਾਦਤ ਸ਼ਖਸ਼ੀਅਤ ਨਾਲ ਸਬੰਧਤ ਅਨੇਕ ਮੁੱਦੇ ਉਭਾਰੇ ਹਨ ਉੱਥੇ ਪੰਜਾਬ ਦੇ ਉਸ ਕਾਲੇ ਦੌਰ ਦੀ ਵੀ ਯਾਦ ਦਿਵਾਈ ਹੈ। ਇਸ ਵਿਚ ਉਸ ਦੀ ਅਸ਼ਲੀਲ ਗਾਇਕੀ ਦਾ ਮੁੱਦਾ ਸਭ ਤੋਂ ਉੱਪਰ ਰਿਹਾ। ਲੱਚਰਤਾ ਦੇ ਧੱਬੇ ਨੂੰ ਲਾਹੁਣਾ ਚਾਹੁੰਦਾ ਸੀ ਧਨੀ ਰਾਮ ਉਰਫ਼ ਅਮਰ ਸਿੰਘ ਚਮਕੀਲੇ ਨੇ ਇਕ ਵਾਰੀ ਆਪਣੀ ਇਕ ਇੰਟਰਵਿਊ ਵਿਚ ਆਪਣੇ ਬਾਰੇ ਕਿਹਾ ਸੀ ਕਿ ਅਸਲ ਵਿਚ ਤਾਂ ਦਮ ਦਾ ਕੋਈ ਭਰੋਸਾ ਨਹੀਂ ਹੁੰਦਾ ਪਰ ਉਸ ਦੀ ਇਹ ਕੋਸ਼ਿਸ਼ ਹੈ ਕਿ ਛੇਤੀ ਹੀ ਉਹ ਆਪਣੇ ’ਤੇ ਲੱਗੇ ਲੱਚਰਤਾ ਦੇ ਧੱਬੇ ਨੂੰ ਲਾਹ ਦੇਵੇਗਾ। ਉਹ ਭਵਿੱਖ ਵਿਚ ਚੰਗਾ ਅਤੇ ਲੋਕਪੱਖੀ ਗਾਉਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਸ ਦੇ ਆਲੇ-ਦੁਆਲੇ ਨਾਰਾਜ਼ ਨਜ਼ਰਾਂ ਨੂੰ ਉਹ ਪਿਆਰ ਨਾਲ ਆਪਣੇ ਨੇੜੇ ਲਿਆ ਸਕੇ। ਅਲੀ ਦੀ ਫਿਲਮ ਨੇ ਭਖਾਈਆਂ ਚਰਚਾਵਾਂ ਇਮਤਿਆਜ਼ ਅਲੀ ਨੇ ਚਮਕੀਲੇ ਦੀ ਜ਼ਿੰਦਗੀ ਦੇ ਕਈ ਕੌੜੇ ਸੱਚਾਂ ਨੂੰ ਲੋਕਾਂ ਸਾਹਮਣੇ ਲਿਆ ਰੱਖਿਆ ਹੈ, ਜਿਨ੍ਹਾਂ ’ਤੇ ਚਰਚਾਵਾਂ ਭਖੀਆਂ ਹੋਈਆਂ ਹਨ। ਫਿਲਮ ਵਿਚ ਇਕ ਪੱਖ ਇਹ ਵੀ ਦਿਖਾਇਆ ਗਿਆ ਹੈ ਕਿ ਜਦੋਂ ਉਹ ਮਿਹਨਤ ਨਾਲ ਚੋਟੀ ਦਾ ਗਾਇਕ ਬਣ ਜਾਂਦਾ ਤਾਂ ਉਹ ਕੁਝ ਲੋਕਾਂ ਤੇ ਆਪਣੇ ਸਮਕਾਲੀ ਗਾਇਕਾਂ ਦੀਆਂ ਅੱਖਾਂ ਵਿਚ ਕਿੰਨਾ ਰੜਕਣ ਲੱਗ ਪੈਂਦਾ ਹੈ। ਇਸ ਵਿਚ ਬਹੁਤ ਸਾਰੇ ਡਾਇਲਾਗ ਅਜਿਹੇ ਹਨ, ਜੋ ਉਸ ਦੀ ਬੇਬਸੀ ਤੇ ਡਰ ਨੂੰ ਪ੍ਰਗਟਾਉਦੇ ਹਨ। ਫਿਲਮ ਦੀ ਰਿਲੀਜ਼ ਤੋਂ ਬਾਅਦ ਜਾਤ ਤੇ ਜਮਾਤ ਦਾ ਮੁੱਦਾ ਵੀ ਲੋਕਾਂ ਵਿਚ ਭਖਿਆ ਹੋਇਆ ਹੈ। ਚਮਕੀਲੇ ਬਾਰੇ ਬਹੁਤ ਸਾਰੀਆਂ ਪੁਰਾਣੀਆਂ ਧਾਰਨਾਵਾਂ ਟੁੱਟਦੀਆਂ ਹਨ ਅਤੇ ਨਵੀਆਂ ਬਣਦੀਆਂ ਹਨ। ਇਸ ਸੰਦਰਭ ਵਿਚ ਮਸ਼ਹੂਰ ਸਾਹਿਤਕਾਰ ਮੰਟੋ ਤੇ ਬਲਵੰਤ ਗਾਰਗੀ ਨਾਲ ਵੀ ਉਸ ਦੀ ਤੁਲਨਾ ਕੀਤੀ ਜਾ ਰਹੀ ਹੈ, ਇਹ ਕਿੰਨੀ ਕੁ ਸਹੀ ਹੈ ਸਮਾਂ ਹੀ ਦੱਸ ਸਕੇਗਾ। ਜਿਸ ਤਰੀਕੇ ਨਾਲ ਚਮਕੀਲਾ ਅੱਜ ਕੌਮੀ ਤੇ ਕੌਮਾਂਤਰੀ ਮੰਚਾਂ ’ਤੇ ਛਾਇਆ ਹੋਇਆ ਹੈ ਉਹ ਇਨ੍ਹਾਂ ਸਮਿਆਂ ਦੇ ਸੱਚ ਦਾ ਗਵਾਹ ਤਾਂ ਬਣ ਹੀ ਰਿਹਾ ਹੈ। ਮੌਤ ਨੂੰ ਲੈ ਕੇ ਹਨ ਕਈ ਕਹਾਣੀਆਂ ਉਸ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ ਪਰ ਮੁੱਖ ਰੂਪ ਵਿਚ ਇਹੀ ਕਿਹਾ ਜਾਂਦਾ ਹੈ ਕਿ ਉਸ ਦੀ ਅਸ਼ਲੀਲ ਗਾਇਕੀ ਹੀ ਉਸ ਦੀ ਮੌਤ ਦੀ ਅਸਲ ਵਜ੍ਹਾ ਬਣੀ। ਭਰ ਜਵਾਨੀ ਵਿਚ ਆਪਣੇ ਕਰੀਅਰ ਦੀ ਚੋਟੀ ’ਤੇ ਪਹੁੰਚੇ ਚਮਕੀਲੇ ਨੂੰ ਪਤਨੀ ਤੇ ਦੋ ਸਾਜ਼ੀਆਂ ਸਮੇਤ ਜਾਨ ਗਵਾਉਣੀ ਪਈ ਸੀ। ਚਮਕੀਲੇ ਦੀ ਗਾਇਕੀ, ਉਸ ਦੇ ਗੀਤਾਂ ’ਤੇ ਬੇਸ਼ੱਕ ਲੱਚਰ ਹੋਣ ਦਾ ਠੱਪਾ ਲੱਗਾ ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਸ ਨੇ ਜੋ ਗਾਇਆ ਉਹ ਸਮਾਜ ਵਿਚ ਪਹਿਲਾਂ ਤੋਂ ਮੌਜੂਦ ਨਹੀਂ ਸੀ? ਲੋਕਾਂ ਦੇ ਵੱਡੇ ਵਰਗ ਨੇ ਉਸ ਦੇ ਗੀਤਾਂ ਨੂੰ ਪਸੰਦ ਕੀਤਾ। ਕੀ ਕਿਸੇ ਨੂੰ ਸਿਰਫ਼ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਕਿ ਉਹ ਗਾਣੇ ਸਹੀ ਨਹੀਂ ਗਾਉਦਾ? ਚਮਕੀਲੇ ਦੀ ਜ਼ਿੰਦਗੀ ’ਤੇ ਬਣੀਆਂ 2 ਫਿਲਮਾਂ ਅੱਜ-ਕੱਲ੍ਹ ਇਨ੍ਹਾਂ ਚਰਚਾਵਾਂ ਦੀ ਅਸਲ ਵਜ੍ਹਾ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ’ਤੇ ਬਣੀਆਂ ਦੋ ਫਿਲਮਾਂ ਹਨ। ਪਿਛਲੇ ਸਾਲ ਬਣੀ ਪੰਜਾਬੀ ਫਿਲਮ ‘ਜੋੜੀ’ ਨੂੰ ਲੈ ਕੇ ਕੋਈ ਖ਼ਾਸ ਚਰਚਾ ਨਹੀਂ ਹੋਈ ਸੀ ਪਰ ਇਸ ਸਾਲ 12 ਮਾਰਚ ਨੂੰ ਰਿਲੀਜ਼ ਹੋਈ ਹਿੰਦੀ ਫਿਲਮ ‘ਚਮਕੀਲਾ’ ਨਾਲ ਚਾਰੇ ਪਾਸੇ ਚਮਕੀਲਾ-ਚਮਕੀਲਾ ਹੋਈ ਪਈ ਹੈ। ਇਸ ਦਾ ਨਿਰਦੇਸ਼ਨ ਕੀਤਾ ਹੈ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਨੇ। ਕਮਾਲ ਦੀ ਗੱਲ ਹੈ ਕਿ ਦੋਵੇਂ ਹੀ ਫਿਲਮਾਂ ਵਿਚ ਚਮਕੀਲੇ ਦਾ ਕਿਰਦਾਰ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਨਿਭਾਇਆ ਹੈ। ਇਮਤਿਆਜ਼ ਅਲੀ ਦੀ ਫਿਲਮ ਨੈੱਟਫਲਿਕਸ ’ਤੇ ਦੁਨੀਆ ਭਰ ਵਿਚ ਰਿਲੀਜ਼ ਹੋਈ ਹੈ। ਇਸ ਫਿਲਮ ਦੇ ਕਲਿਪਸ, ਗੀਤ ਇੰਟਰਨੈੱਟ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੇ ਹਨ। ਹਰ ਕੋਈ ਆਪਣੀ ਸੂਝ ਮੁਤਾਬਕ ਉਸ ’ਤੇ ਟਿੱਪਣੀਆਂ ਕਰ ਰਿਹਾ ਹੈ ਅਤੇ ਫਿਲਮ ਸਮੀਖਿਅਕ ਬਣਿਆ ਹੋਇਆ ਹੈ।

Related Post