post

Jasbeer Singh

(Chief Editor)

Crime

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ

post-img

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ ਮਹਿਜ਼ ਦੋ ਦਿਨਾਂ ਦੇ ਅੰਦਰ ਤੀਜੀ ਏਕੇ-47 ਰਾਈਫਲ ਹੋਈ ਬਰਾਮਦ ਅਮਰੀਕਾ ਸਥਿਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵੱਲੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਦਾ ਕੀਤਾ ਗਿਆ ਸੀ ਪ੍ਰਬੰਧ: ਡੀਜੀਪੀ ਗੌਰਵ ਯਾਦਵ ਜੁਗਰਾਜ ਸਿੰਘ ਸਰਪੰਚ ਚੀਮਾ ਖੁਡੀ ਦੇ ਕਤਲ ਵਿੱਚ ਵੀ ਸ਼ਾਮਲ ਸੀ ਗੁਰਪ੍ਰੀਤ ਗੋਪੀ : ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਮਾਨ ਚੰਡੀਗੜ੍ਹ/ਅੰਮ੍ਰਿਤਸਰ, 15 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੁਰੱਖਿਅਤ ਅਤੇ ਸ਼ਾਂਤੀਪੂਰਨ ਤਿਉਹਾਰਾਂ ਦੇ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਚੱਲ ਰਹੀ ਵਿਸ਼ੇਸ਼ ਚੈਕਿੰਗ ਅਤੇ ਵਿਸ਼ੇਸ਼ ਕਾਰਵਾਈਆਂ ਦੌਰਾਨ ਵੱਡੀ ਸਫਲਤਾ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ ਇੱਕ ਏਕੇ-47 ਰਾਈਫਲ ਸਮੇਤ ਦੋ ਮੈਗਜ਼ੀਨ ਅਤੇ 60 ਜਿੰਦਾ ਕਾਰਤੂਸ ਅਤੇ ਤਿੰਨ 9 ਐਮਐਮ ਗਲੋਕ ਪਿਸਤੌਲਾਂ ਸਮੇਤ ਸੱਤ ਮੈਗਜ਼ੀਨ ਅਤੇ 50 ਜਿ਼ੰਦਾ ਕਾਰਤੂਸਾਂ ਦੀ ਖੇਪ ਬਰਾਮਦ ਕੀਤੀ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ ਵਾਸੀ ਸੰਗਰਾਈ(ਗੁਰਦਾਸਪੁਰ), ਵਿਪਨ ਕੁਮਾਰ ਉਰਫ਼ ਮਨੀਸ਼ ਵਾਸੀ ਮਰੀਆਂਵਾਲ, ਬਟਾਲਾ ਅਤੇ ਚਮਕੋਰ ਸਿੰਘ ਵਾਸੀ ਨੱਤ, ਬਟਾਲਾ, ਜਿ਼ਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ । ਇਹ ਕਾਰਵਾਈ, ਤਰਨਤਾਰਨ ਦੇ ਖੇਮਕਰਨ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਦੋ ਏਕੇ-47 ਰਾਈਫਲਾਂ ਅਤੇ ਇੱਕ ਪੀਐਕਸ5 ਪਿਸਤੌਲ ਸਮੇਤ ਤਿੰਨ ਹਥਿਆਰਾਂ ਵਾਲੀ ਖੇਪ ਦੀ ਬਰਾਮਦਗੀ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਦੀ ਗਈ ਹੈ । ਡੀ. ਜੀ. ਪੀ, ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ਸਥਿਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਪਾਕਿਸਤਾਨ ਤੋਂ ਇਸ ਖੇਪ ਦਾ ਪ੍ਰਬੰਧ ਕੀਤਾ ਸੀ । ਇਹ ਖੇਪ ਸਤੰਬਰ 2025 ਦੇ ਅੱਧ ਵਿੱਚ ਗੁਰਦਾਸਪੁਰ ਦੇ ਕਲਾਨੌਰ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪ੍ਰਾਪਤ ਕੀਤਾ ਸੀ । ਡੀ. ਜੀ. ਪੀ. ਨੇ ਕਿਹਾ ਕਿ ਤਸਕਰਾਂ ਦੀ ਪਛਾਣ ਕਰਨ, ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਤਸਕਰੀ ਨੈੱਟਵਰਕ ਨੂੰ ਬੇਅਸਰ ਕਰਨ ਲਈ ਜਾਂਚ ਜਾਰੀ ਹੈ । ਏ. ਆਈ. ਜੀ. (ਐਸ. ਐਸ. ਓ. ਸੀ.) ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗਿੰਦਰ ਅਤੇ ਮਨੀਸ਼ - ਦੀ ਇੱਕ ਗਲੌਕ ਪਿਸਤੌਲ, ਸਮੇਤ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਚਮਕੌਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ । ਉਸ ਤੋਂ ਬਾਅਦ ਚਮਕੌਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਵਿਰੁੱਧ ਆਰੰਭੀ ਕਾਰਵਾਈ ਤਹਿਤ ਇਹ ਬਰਾਮਦਗੀਆਂ ਹੋਈਆਂ ਹਨ । ਏ. ਆਈ,. ਜੀ. ਨੇ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਨਾਮ ਜੁਗਰਾਜ ਸਿੰਘ ਸਰਪੰਚ ਚੀਮਾ ਖੁਦੀ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਹੈ, ਜਿਸਦੀ ਜਿ਼ੰਮੇਵਾਰੀ ਮਨੂ ਅਗਵਾਨ ਸਮੂਹ ਨੇ ਲਈ ਸੀ । ਇਸ ਸਬੰਧੀ ਹੋਰ ਜਾਂਚ ਜਾਰੀ ਹੈ । ਇਸ ਸਬੰਧ ਵਿੱਚ, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਬੀਐਨਐਸ ਦੀ ਧਾਰਾ 61 (2) ਅਤੇ ਐਨ. ਡੀ, ਪੀ, ਐਸ, ਐਕਟ ਦੀ ਧਾਰਾ 22 ਦੇ ਤਹਿਤ ਐਫ, ਆਈ, ਆਰ, ਨੰਬਰ 55 ਮਿਤੀ 02/10/2025 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਕੇਸ ਦਰਜ ਹੈ।

Related Post