
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਗ੍ਰਨੇਡ ਸਮੇਤ 2 ਦਹਿਸ਼ਤਗਰਦਾਂ ਨੂੰ ਕਾਬੂ
- by Jasbeer Singh
- October 21, 2025

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਗ੍ਰਨੇਡ ਸਮੇਤ 2 ਦਹਿਸ਼ਤਗਰਦਾਂ ਨੂੰ ਕਾਬੂ ਅੰਮ੍ਰਿਤਸਰ, 21 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਖੁਫੀਆ ਕਾਰਵਾਈ ਦੌਰਾਨ ਅੰਮ੍ਰਿਤਸਰ ਤੋਂ ਦੋ ਦਹਿਸ਼ਤਗਰਦਾਂ ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਆਦਿਤਿਆ ਉਰਫ਼ ਆਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਕੜੇ ਵਿਅਕਤੀ ਆਈ. ਐਸ. ਆਈ. ਦੇ ਸੰਚਾਲਕ ਦੇ ਸੰਪਰਕ ਵਿਚ ਸਨ ਪੁਲਿਸ ਨੇ ਕਾਰਵਾਈ ਦੌਰਾਨ ਇੱਕ ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰ. ਪੀ. ਜੀ.) ਵੀ ਬਰਾਮਦ ਕੀਤਾ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਦੇ ਇੱਕ ਸੰਚਾਲਕ ਦੇ ਸੰਪਰਕ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਇਹ ਖ਼ਤਰਨਾਕ ਹਥਿਆਰ ਮੁਹੱਈਆ ਕਰਵਾਇਆ ਸੀ । ਇਸ ਤੋਂ ਇਲਾਵਾ ਉਹ ਫਿਰੋਜ਼ਪੁਰ ਜੇਲ ਵਿੱਚ ਬੰਦ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦੇ ਸੰਪਰਕ ਵਿਚ ਵੀ ਸਨ । ਸੂਤਰਾਂ ਅਨੁਸਾਰ, ਇਸ ਆਰ. ਪੀ. ਜੀ. ਦੀ ਵਰਤੋਂ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਵਿੱਚ ਕੀਤੀ ਜਾਣੀ ਸੀ। ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਘਰਿੰਡਾ ਵਿਖੇ ਇੱਕ ਐਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ।