

ਹਾਥਰਸ ਮਾਮਲੇ ਦੀ ਜਾਂਚ ਲਈ ਕਿਸੇ ਨੂੰ ਵੀ ਸੱਦ ਸਕਦੇ ਹਾਂ: ਕਮਿਸ਼ਨ ਨੋਇਡਾ, 8 ਜੁਲਾਈ : ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਗਏ ਨਿਆਂਇਕ ਕਮਿਸ਼ਨ ਨੇ ਕਿਹਾ ਹੈ ਕਿ ਉਹ ਲੋੜ ਪੈਣ ’ਤੇ ਕਿਸੇ ਨੂੰ ਵੀ ਪੁੱਛ-ਪੜਤਾਲ ਲਈ ਸੱਦ ਸਕਦੇ ਹਨ। ਕਮਿਸ਼ਨ ਦੇ ਚੇਅਰਪਰਸਨ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਹਾਥਰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਛੇਤੀ ਹੀ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਸਥਾਨਕ ਲੋਕ ਅਤੇ ਚਸ਼ਮਦੀਦ/ਪ੍ਰਤੱਖਦਰਸ਼ੀ ਭਗਦੜ ਨਾਲ ਸਬੰਧਤ ਕੋਈ ਵੀ ਸਬੂਤ ਜਾਂ ਘਟਨਾ ਦੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰ ਸਕਣ। ਕਮਿਸ਼ਨ ਦੇ ਮੈਂਬਰ ਸਾਬਕਾ ਆਈਪੀਐੱਸ ਅਧਿਕਾਰੀ ਭਾਵੇਸ਼ ਕੁਮਾਰ ਨੂੰ ਜਦੋਂ ਭੋਲੇ ਬਾਬਾ ਤੋਂ ਪੁੱਛ-ਪੜਤਾਲ ਕਰਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਮਿਸ਼ਨ ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨਾਲ ਉਹ ਗੱਲਬਾਤ ਕਰਨਗੇ । ਤਿੰਨ ਮੈਂਬਰੀ ਕਮਿਸ਼ਨ ’ਚ ਸਾਬਕਾ ਆਈਏਐੱਸ ਅਧਿਕਾਰੀ ਹੇਮੰਤ ਰਾਓ ਵੀ ਸ਼ਾਮਲ ਹਨ। ਕਮਿਸ਼ਨ ਨੇ ਹਾਥਰਸ ਦੇ ਲੋਕਾਂ ਨਾਲ ਐਤਵਾਰ ਨੂੰ ਗੱਲਬਾਤ ਕੀਤੀ। ਕਮਿਸ਼ਨ ਨੇ ਸ਼ਨਿਚਰਵਾਰ ਨੂੰ ਫੂਲਰਾਏ ਪਿੰਡ ਨੇੜੇ ਭਗਦੜ ਵਾਲੀ ਥਾਂ ਦਾ ਦੌਰਾ ਕੀਤਾ ਸੀ। ਐਤਵਾਰ ਸਵੇਰੇ ਵੀ ਟੀਮ ਨੇ ਜਾਂਚ ਜਾਰੀ ਰੱਖੀ। ਕਮਿਸ਼ਨ ਨੂੰ ਦੋ ਮਹੀਨਿਆਂ ’ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਯੂਪੀ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਵੀ ਬਣਾਈ ਗਈ ਹੈ ਜਿਸ ਦੀ ਅਗਵਾਈ ਆਗਰਾ ਜ਼ੋਨ ਦੇ ਏਡੀਜੀਪੀ ਅਨੁਪਮ ਕੁਲਸ਼੍ਰੇਸ਼ਠ ਕਰ ਰਹੇ ਹਨ