ਈ-ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਲਈ 4 ਤੋਂ 6 ਤੱਕ ਲੱਗੇਗਾ ਜਾਗਰੂਕਤਾ ਮੇਲਾ
- by Jasbeer Singh
- December 3, 2025
ਈ-ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਲਈ 4 ਤੋਂ 6 ਤੱਕ ਲੱਗੇਗਾ ਜਾਗਰੂਕਤਾ ਮੇਲਾ ਸਮੂਹ ਪੈਨਸ਼ਨਰਾਂ ਨੂੰ ਪੈਨਸ਼ਨਰ ਮੇਲੇ ਦਾ ਲਾਭ ਉਠਾਉਣ ਲਈ ਕੀਤੀ ਅਪੀਲ ਸਬ-ਖ਼ਜ਼ਾਨਾ ਦਫ਼ਤਰ ਅਹਿਮਦਗੜ੍ਹ ਵਿਖੇ ਵੀ ਪੈਨਸ਼ਨਰ ਸੇਵਾ ਮੇਲਾ 4 ਤੋਂ 6 ਦਸੰਬਰ ਤੱਕ ਮਾਲੇਰਕੋਟਲਾ, 3 ਦਸੰਬਰ 2025 : ਖ਼ਜ਼ਾਨਾ ਅਫ਼ਸਰ ਮਾਲੇਰਕੋਟਲਾ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਲੇਰਕੋਟਲਾ ਦੇ ਪੈਨਸ਼ਨਰਾਂ ਦੀ ਸਹੂਲਤ ਲਈ 4 ਦਸੰਬਰ ਤੋਂ 6 ਦਸੰਬਰ ਤੱਕ ਖ਼ਜ਼ਾਨਾ ਦਫ਼ਤਰ ਮਲੇਰਕੋਟਲਾ ਵਿਖੇ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਸ ਪੈਨਸ਼ਨ ਮੇਲਾ ਦੌਰਾਨ ਪੈਨਸ਼ਨਰਾਂ ਦੀ ਈ- ਕੇ.ਵਾਈ.ਸੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਈ- ਕੇ.ਵਾਈ.ਸੀ ਕਰਵਾਉਣਾ ਪੈਨਸ਼ਨਰਾਂ ਲਈ ਅਤਿ ਜਰੂਰੀ ਹੈ ਅਤੇ ਜਿਨ੍ਹਾਂ ਪੈਨਸ਼ਨਰਾਂ ਦਾ ਜੀਵਨ ਪ੍ਰਮਾਣ ਪੱਤਰ ਬੈਂਕ ਵਿੱਚ ਜਮ੍ਹਾਂ ਹੋ ਚੁੱਕਾ ਹੈ, ਉਨ੍ਹਾਂ ਲਈ ਵੀ ਇਹ ਰਜਿਸਟਰੇਸ਼ਨ ਲਾਜ਼ਮੀ ਹੈ। ਉਨਾਂ ਦੱਸਿਆ ਕਿ ਪ੍ਰਾਰਥੀ ਇਸ ਤਿੰਨ ਦਿਨਾਂ ਸੇਵਾ ਮੇਲਾ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖ਼ਜ਼ਾਨਾ ਦਫ਼ਤਰ ਵਿਖੇ ਈ- ਕੇ.ਵਾਈ.ਸੀ ਕਰਵਾ ਸਕਦੇ ਹਨ। ਖ਼ਜ਼ਾਨਾ ਅਫ਼ਸਰ ਨੇ ਇਸ ਦੀ ਸਹੂਲਤ ਲੈਣ ਲਈ ਸਮੂਹ ਪੈਨਸ਼ਨਰ/ਫੈਮਿਲੀ ਪੈਨਸ਼ਨਰ ਅਤੇ ਪੈਨਸ਼ਨਰ ਯੂਨੀਅਨਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੀ.ਪੀ.ਓ ਦੀ ਕਾਪੀ, ਅਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਅਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ਲੈ ਕੇ ਇਸ ਮੇਲੇ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਸਹੂਲਤ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਜਿਹੜੇ ਪੈਨਸ਼ਨਰ, ਪੈਨਸ਼ਨ ਸੇਵਾ ਪੋਰਟਲ ਉਤੇ ਕਿਸੇ ਕਾਰਨ ਆਪਣੇ ਆਪ ਨੂੰ ਦਰਜ ਨਹੀਂ ਕਰਵਾ ਸਕੇ ਸਨ, ਉਨ੍ਹਾਂ ਲਈ ਇਹ ਮੇਲਾ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਅਹਿਮਦਗੜ੍ਹ ਦੇ ਪੈਨਸ਼ਨ ਧਾਰਕਾਂ ਦੀ ਸਹੂਲਤ ਲਈ ਖਜਾਨਾ ਦਫਤਰ ਅਹਿਮਦਗੜ੍ਹ ਵਿਖੇ ਵੀ ਇਹ ਜਾਗਰੂਕਤਾ ਕੈਂਪ 4 ਦਸੰਬਰ ਤੋਂ 6 ਦਸੰਬਰ ਤੱਕ ਆਯੋਜਿਤ ਕੀਤਾ ਜਾਵੇਗਾ ।
