

ਬੰਗਲਾਦੇਸ਼ ਦੀ ਕਮਾਨ ਸਾਂਭਣ ਵਾਲੇ ਜਨਰਲ ਵਕਾਰ ਬੰਗਲਾਦੇਸ਼ : ਬੰਗਲਾਦੇਸ਼ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ। ਫੌਜ ਨੇ ਐਲਾਨ ਕੀਤਾ ਹੈ ਕਿ ਉਹ ਅੰਤਿਮ ਸਰਕਾਰ ਬਣਾਏਗੀ। ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ ਉਜ਼ ਜ਼ਮਾਨ ਨੇ ਪ੍ਰੈੱਸ ਕਾਨਫਰੰਸ `ਚ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨਾਲ ਗੱਲ ਕੀਤੀ ਹੈ ਤੇ ਹੁਣ ਅੰਤਰਿਮ ਸਰਕਾਰ ਬਣੇਗੀ। ਫੌਜ ਮੁਖੀ ਨੇ ਇਹ ਵੀ ਕਿਹਾ ਕਿ ਹਿੰਸਕ ਝੜਪਾਂ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਹੁਣ ਇੱਕ ਤਰ੍ਹਾਂ ਨਾਲ ਬੰਗਲਾਦੇਸ਼ ਦੀ ਪੂਰੀ ਕਮਾਂਡ ਆਰਮੀ ਚੀਫ ਵਕਾਰ ਉਜ਼ ਜ਼ਮਾਨ ਦੇ ਹੱਥਾਂ ਵਿੱਚ ਹੈ। ਵਕਾਰ, 16 ਸਤੰਬਰ 1966 ਨੂੰ ਜਨਮਿਆ, ਬੰਗਲਾਦੇਸ਼ ਫੌਜ ਦਾ 4 ਸਟਾਰ ਜਨਰਲ ਹੈ ਅਤੇ 23 ਜੂਨ 2024 ਤੋਂ ਫੌਜ ਦਾ ਮੁਖੀ ਹੈ। ਇਸ ਅਹੁਦੇ `ਤੇ ਆਉਣ ਤੋਂ ਪਹਿਲਾਂ ਉਹ ਬੰਗਲਾਦੇਸ਼ ਫੌਜ ਦੇ ਚੀਫ ਆਫ ਜਨਰਲ ਸਟਾਫ ਦੇ ਅਹੁਦੇ `ਤੇ ਰਹਿੰਦੇ ਸਨ। ਇਸ ਤੋਂ ਪਹਿਲਾਂ ਉਹ ਆਰਮਡ ਫੋਰਸਿਜ਼ ਡਿਵੀਜ਼ਨ ਦੇ ਪ੍ਰਿੰਸੀਪਲ ਸਟਾਫ ਅਫਸਰ ਸਨ। ਬੰਗਲਾਦੇਸ਼ ਦੇ ਸ਼ੇਰਪੁਰ ਜ਼ਿਲ੍ਹੇ ਵਿੱਚ ਜਨਮੇ, ਜਨਰਲ ਵਕਾਰ ਉਜ਼ ਜ਼ਮਾਨ ਨੇ ਡਿਫੈਂਸ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਡਿਫੈਂਸ ਸਟੱਡੀਜ਼ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਕਿੰਗਜ਼ ਕਾਲਜ, ਲੰਡਨ ਤੋਂ ਡਿਫੈਂਸ ਸਟੱਡੀਜ਼ ਵਿੱਚ ਐਮਏ ਦੀ ਡਿਗਰੀ ਵੀ ਹਾਸਲ ਕੀਤੀ ਹੈ।