
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸੰਗਤ ਮੰਡੀ ’ਚ ਨੌਜਵਾਨ ਦੀ ਹੱਤਿਆ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
- by Aaksh News
- May 14, 2024

ਸੰਗਤ ਮੰਡੀ ’ਚ ਗੋਲ਼ੀ ਮਾਰ ਕੇ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ’ਚ ਨਾਮਜ਼ਦ ਚਾਰ ’ਚੋਂ ਦੋ ਦੋਸ਼ੀਆਂ ਨੂੰ ਬਠਿੰਡਾ ਪੁਲਿਸ ਨੇ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ, ਜਦਕਿ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਨੁਸਾਰ ਇਸ ਕੇਸ ਵਿਚ ਨਾਮਜ਼ਦ ਮੁਲਜ਼ਮ ਗੋਬਿੰਦ ਖਿ਼ਲਾਫ਼ 12 ਦੇ ਕਰੀਬ ਅਪਰਾਧਿਕ ਕੇਸ ਦਰਜ ਹਨ, ਜਦੋਂਕਿ ਉਸ ਦਾ ਮ੍ਰਿਤਕ ਵਿਅਕਤੀ ਦੇ ਦੋਸਤ ਨਾਲ ਲੜਾਈ-ਝਗੜਾ ਹੋਇਆ ਸੀ, ਜਿਸ ਕਾਰਨ ਉਸਨੂੰ ਗੋਲ਼ੀ ਮਾਰੀ ਗਈ। ਐੱਸਐੱਸਪੀ ਦੀਪਕ ਪਾਰੀਕ ਨੇ ਮੰਗਲਵਾਰ ਨੂੰ ਦੱਸਿਆ ਕਿ ਬੀਤੇ ਸੋਮਵਾਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਸੰਗਤ ਕਲਾਂ ਦੇ ਰਹਿਣ ਵਾਲੇ ਸੂਰਜ ਕੁਮਾਰ ਉਰਫ ਕਾਲਾ ਦੇ ਘਰ ਦਾਖ਼ਲ ਹੋ ਕੇ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਦੇ ਬਾਅਦ ਥਾਣਾ ਸੰਗਤ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਰੋਜ ਰਾਣੀ ਦੇ ਬਿਆਨਾਂ ’ਤੇ ਮੁਲਜ਼ਮ ਗੋਬਿੰਦ ਸਿੰਘ, ਕੁਲਵਿੰਦਰ ਸਿੰਘ ਵਾਸੀ ਸੰਗਤ ਕਲਾਂ ਜ਼ਿਲ੍ਹਾ ਬਠਿੰਡਾ, ਬਲਦੇਵ ਸਿੰਘ ਵਾਸੀ ਸਕੇਰਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਅਤੇ ਪ੍ਰਗਟ ਸਿੰਘ ਵਾਸੀ ਉੱਭਾ ਜ਼ਿਲ੍ਹਾ ਮਾਨਸਾ ਦੇ ਖਿ਼ਲਾਫ਼ ਮਾਮਲਾ ਦਰਜ ਕੀਤਾ ਸੀ। ਮ੍ਰਿਤਕ ਦੀ ਪਤਨੀ ਅਨੁਸਾਰ ਬੀਤੀ 13 ਮਈ ਨੂੰ ਉਸ ਦੇ ਪਤੀ ਦੇ ਦੋਸਤ ਲਖਵਿੰਦਰ ਸਿੰਘ ਵਾਸੀ ਸੰਗਤ ਕਲਾਂ, ਜਸਕਰਨ ਸਿੰਘ ਵਾਸੀ ਮੁਹਾਲਾ, ਜਸਕਰਨ ਸਿੰਘ ਵਾਸੀ ਪਿੰਡ ਜੱਸੀ ਬਾਗਵਾਲੀ ਉਸਦੇ ਪਤੀ ਸੂਰਜ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਏ ਸਨ, ਜਿਸ ਦੀ ਮੁਲਜ਼ਮ ਗੋਬਿੰਦ ਸਿੰਘ ਨਾਲ ਪੁਰਾਣੀ ਰੰਜਿਸ਼ ਹੈ। 13 ਮਈ ਨੂੰ ਮੁਲਜ਼ਮ ਗੋਬਿੰਦ ਸਿੰਘ ਅਤੇ ਉਸ ਦੇ ਤਿੰਨ ਹੋਰ ਸਾਥੀ ਸਵਿਫਟ ਕਾਰ ਨੰਬਰ ਪੀਬੀ-03ਬੀਐਲ-3407 ਵਿਚ ਉਸ ਦੇ ਘਰ ਦੇ ਬਾਹਰ ਆਏ ਅਤੇ ਉਸ ਦੇ ਪਤੀ ਨਾਲ ਬਦਸਲੂਕੀ ਕਰਨ ਲੱਗੇ। ਜਦੋਂ ਉਸ ਦਾ ਪਤੀ ਉਸ ਨੂੰ ਦੇਖਣ ਲਈ ਘਰੋਂ ਬਾਹਰ ਆਇਆ ਤਾਂ ਮੁਲਜ਼ਮਾਂ ਨੇ ਆਪਣੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਅਤੇ ਉਸ ਦੇ ਪਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਉਪਰੋਕਤ ਮਾਮਲੇ ਨੂੰ ਹੱਲ ਕਰਨ ਲਈ ਐੱਸਪੀ (ਡੀ) ਅਜੈ ਗਾਂਧੀ ਦੀ ਅਗਵਾਈ ਵਿਚ ਡੀਐਸਪੀ (ਬਠਿੰਡਾ ਦਿਹਾਤੀ) ਮਨਜੀਤ ਸਿੰਘ, ਥਾਣਾ ਸੰਗਤ ਰਾਮਾ ਅਤੇ ਸੀਆਈਏ ਸਟਾਫ ਇਕ ਅਤੇ ਦੋ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਮੰਗਲਵਾਰ ਨੂੰ ਪੁਲਿਸ ਟੀਮ ਨੇ ਮੁਲਜ਼ਮ ਗੋਬਿੰਦ ਸਿੰਘ ਵਾਸੀ ਸੰਗਤ ਕਲਾਂ ਅਤੇ ਪ੍ਰਗਟ ਸਿੰਘ ਵਾਸੀ ਪਿੰਡ ਉੱਭਾ, ਜ਼ਲ੍ਹਿਾ ਮਾਨਸਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਕਾਰ ਬਰਾਮਦ ਕਰ ਲਈ, ਜਦਕਿ ਬਾਕੀ ਦੋ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਗੋਬਿੰਦ ਸਿੰਘ ਖਿ਼ਲਾਫ਼ ਪੰਜਾਬ ਦੇ ਬਠਿੰਡਾ, ਮੋਗਾ, ਰਾਜਸਥਾਨ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿਚ ਕਰੀਬ 12 ਕੇਸ ਦਰਜ ਹਨ, ਜਦਕਿ ਪ੍ਰਗਟ ਸਿੰਘ ਖਿ਼ਲਾਫ਼ ਨਸ਼ਾ ਤਸਕਰੀ ਦਾ ਇਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਬਿੰਦ ਸਿੰਘ ਦੀ ਮ੍ਰਿਤਕ ਦੇ ਦੋਸਤ ਲਖਵਿੰਦਰ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਫਿਲਹਾਲ ਮੁਲਜ਼ਮਾਂ ਤੋਂ ਪੁਲਿਸ ਰਿਮਾਂਡ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।