ਬਠਿੰਡਾ ਸ਼ਹਿਰੀ ਕਾਂਗਰਸ ਵੱਲੋਂ ਅਮਨ ਕਾਨੂੰਨ ਦੇ ਮੁੱਦੇ ਤੇ ਧਰਨੇ ਲਾਉਣ ਦਾ ਐਲਾਨ
- by Jasbeer Singh
- September 12, 2024
ਬਠਿੰਡਾ ਸ਼ਹਿਰੀ ਕਾਂਗਰਸ ਵੱਲੋਂ ਅਮਨ ਕਾਨੂੰਨ ਦੇ ਮੁੱਦੇ ਤੇ ਧਰਨੇ ਲਾਉਣ ਦਾ ਐਲਾਨ ਬਠਿੰਡਾ : ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੀ ਹੋਈ ਮਹੀਨਾ ਵਾਰ ਮੀਟਿੰਗ ਦੌਰਾਨ ਅੱਜ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ 17 ਸਤੰਬਰ ਨੂੰ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਬਠਿੰਡਾ ਸ਼ਹਿਰੀ ਦੀ ਮਹੀਨਾ ਵਾਰ ਮੀਟਿੰਗ ਦੌਰਾਨ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਡੀਐਸਪੀ ਅਤੇ ਐਸਡੀਐਮ ਦਫਤਰਾਂ ਅੱਗੇ ਧਰਨੇ ਦੇਣ ਦਾ ਫੈਸਲਾ ਹੋਇਆ ਹੈ। ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਅੱਜ ਪੰਜਾਬ ਦੇ ਸਿਆਸੀ ਹਾਲਾਤਾਂ, ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਅਤੇ ਜਿਮਨੀ ਚੋਣਾਂ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਵੇਂ ਦਫਤਰ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਜਲਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਨਵੇਂ ਦਫਤਰ ਬਣਾਉਣ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਵਿੱਚ ਕਾਂਗਰਸ ਕੋਲ 27-28 ਕੌਂਸਲਰ ਨਾਲ ਪੂਰਨ ਬਹੁਮਤ ਹੈ ਅਤੇ ਕਾਂਗਰਸ ਦਾ ਹੀ ਮੇਅਰ ਬਣੇਗਾ। ਇਸ ਮੌਕੇ ਉਹਨਾਂ ਕਾਂਗਰਸ ਦੇ ਕੱਢੇ ਹੋਏ ਕਈ ਕੌਂਸਲਰਾਂ ਤਨੂੰ ਬੇਤੁਕੀਆਂ ਬਿਆਨਬਾਜੀਆਂ ਅਤੇ ਕੌਂਸਲਰਾਂ ਨੂੰ ਖਰੀਦਣ ਦੇ ਦਿੱਤੇ ਜਾ ਰਹੇ ਬਿਆਨ ਬੰਦ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਕੱਢੇ ਹੋਏ ਕੌਂਸਲਰ ਭਾਜਪਾ ਦੀ ਬੋਲੀ ਬੋਲਦੇ ਹਨ ਅਤੇ ਉਹ ਗਿੱਦੜਬਾਹਾ ਚੋਣ ਵਿੱਚ ਵੀ ਵੋਟਾਂ ਮੰਗਦੇ ਦਿਸਣਗੇ ਜਿਸ ਕਰਕੇ ਉਹ ਕਾਂਗਰਸ ਦੇ ਕੌਂਸਲਰਾਂ ਨੂੰ ਵੀ ਅਪੀਲ ਕਰਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਦੋਗਲੇ ਕੌਂਸਲਰਾਂ ਤੋਂ ਪਾਸਾ ਹੀ ਚੰਗਾ ਹੈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਵਾਹਨ ਟੈਕਸ ਰਜਿਸਟਰੀ ਦੀ ਦਰਾਂ ਬਿਜਲੀ ਦਰਾਂ ਤੇ ਬੱਸ ਕਰਾਇਆ ਵਿੱਚ ਕੀਤੇ ਗਏ ਵਾਧੇ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਨੂੰ ਪੰਜਾਬ ਵਾਸੀਆਂ ਤੇ ਨਜਾਇਜ਼ ਬੋਝ ਕਰਾਰ ਦਿੱਤਾ ਤੇ ਵਾਪਸ ਲੈਣ ਦੀ ਮੰਗ ਕੀਤੀ । ਇਸ ਮੌਕੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਟਹਿਲ ਸਿੰਘ ਸੰਧੂ, ਬਲਜਿੰਦਰ ਸਿੰਘ ਠੇਕੇਦਾਰ, ਅਤੇ ਰੁਪਿੰਦਰ ਬਿੰਦਰਾ ਨੇ ਗਿੱਦੜਬਾਹਾ ਜਿਮਨੀ ਚੋਣ ਦੀਆਂ ਤਿਆਰੀਆਂ ’ਚ ਡਟਣ ਦਾ ਸੱਦਾ ਵੀ ਦਿੱਤਾ।
