July 6, 2024 01:34:05
post

Jasbeer Singh

(Chief Editor)

Latest update

ਕਤਲ ਕਰਕੇ ਬੱਚੇ ਦੀ ਲਾਸ਼ ਮਾਨਸਾ ਬੱਸ ਸਟੈਂਡ ਸੁੱਟਣ ਦਾ ਮਾਮਲਾ: ਔਰਤ ਨੇ 11 ਸਾਲ ਮਾਪਿਆਂ ਦੇ ਅੱਖੀਂ ਪਾਇਆ ਘੱਟਾ

post-img

ਕਲਯੁਗੀ ਮਾਂ ਵੱਲੋਂ ਆਪਣੇ ਬੱਚੇ ਦੀ ਹੱਤਿਆ ਕਰ ਕੇ ਲਾਸ਼ ਨੂੰ ਮਾਨਸਾ ਦੇ ਬੱਸ ਅੱਡੇ ’ਚ ਸੁੱਟੇ ਜਾਣ ਦੇ ਮਾਮਲੇ ਵਿਚ ਕਈ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਜਿੱਥੇ ਉਕਤ ਔਰਤ ਨੇ ਆਪਣੇ ਵਿਆਹ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਲੁਕੋ ਰੱਖਿਆ ਗਿਆ ਸੀ, ਉਥੇ ਹੀ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉਹ ਅਧਾਰ ਕਾਰਡ ਬਣਵਾਉਣ ਲਈ ਬੱਚੇ ਨੂੰ ਆਪਣੇ ਪੇਕੇ ਪਿੰਡ ਤੋਂ ਲੈ ਕੇ ਗਈ ਸੀ। ਭਾਵੇਂ ਉਕਤ ਔਰਤ ਵਿਆਹ ਕਰਵਾ ਕੇ ਤਲਵੰਡੀ ਸਾਬੋ ਰਹਿ ਰਹੀ ਸੀ ਪਰ ਪਰਿਵਾਰ ਨੂੰ ਆਪਣੀ ਰਿਹਾਇਸ਼ ਪਟਨਾ ਵਿਚ ਦੱਸ ਕੇ ਗੁੰਮਰਾਹ ਕਰਦੀ ਰਹੀ।ਉਕਤ ਔਰਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਜੋਆਣਾ ਦੀ ਰਹਿਣ ਵਾਲੀ ਹੈ, ਜਿਹੜੀ ਕਰੀਬ 11 ਸਾਲ ਤੋਂ ਆਪਣੇ ਮਾਤਾ-ਪਿਤਾ ਨੂੰ ਮੂਰਖ ਬਣਾਉਂਦੀ ਆ ਰਹੀ ਸੀ। ਪਿੰਡ ਬੱਜੋਆਣਾ ਦੇ ਸਰਪੰਚ ਜਸਵਿੰਦਰ ਸਿੰਘ ਜੱਸ ਨੇ ਔਰਤ ਦੇ ਪਿਤਾ ਤੇ ਭਰਾ ਦੀ ਹਾਜ਼ਰੀ ਵਿਚ ਦੱਸਿਆ ਕਿ ਕਤਲ ਹੋਏ ਸੱਤ ਸਾਲਾ ਬੱਚੇ ਅਗਮਜੋਤ ਸਿੰਘ ਦੀ ਮਾਤਾ ਦਾ ਪਿੰਡ ਬੱਜੋਆਣਾ ਹੈ, ਜਿਹੜਾ ਕਿ ਨਥਾਣਾ ਬਲਾਕ ਵਿੱਚ ਪੈਂਦਾ ਹੈ। ਸਾਲ 2013 ਵਿਚ ਵੀਰਪਾਲ ਕੌਰ ਕਾਫ਼ੀ ਬਿਮਾਰ ਹੋ ਗਈ ਸੀ, ਜਿਸ ਨੇ ਅਮਿ੍ਰੰਤਧਾਰੀ ਮਾਪਿਆਂ ਨੂੰ ਕਿਹਾ ਕਿ ਬਾਬਾ ਦੀਪ ਸਿੰਘ ਨੇ ਪ੍ਰਤੱਖ ਹਾਜ਼ਰ ਹੋ ਕੇ ਉਸ ਨੂੰ ਕਿਹਾ ਹੈ ਕਿ ਉਹ ਪਟਨਾ ਵਿਚ ਇਕ ਬਜ਼ੁਰਗ ਜੋੜੇ ਦੀ ਸਾਂਭ-ਸੰਭਾਲ ਕਰੇ। ਇਸ ਤੋਂ ਬਾਅਦ ਉਹ ਘਰੋਂ ਚਲੀ ਗਈ ਪਰ ਸਾਲ 2018 ਵਿਚ ਉਹ ਤਿੰਨ ਮਹੀਨਿਆਂ ਦੇ ਬੱਚੇ ਨੂੰ ਲੈ ਕੇ ਆਈ ਅਤੇ ਪਰਿਵਾਰ ਨੂੰ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਸਮੇਂ ਬੱਚਾ ਕਾਫ਼ੀ ਬਿਮਾਰ ਸੀ ਜਿਸ ਦਾ ਇਲਾਜ ਵੀ ਉਨ੍ਹਾਂ ਨੇ ਕਰਵਾਇਆ। ਕੁੜੀ ਨੇ ਧਰਮ ਦੀ ਆੜ੍ਹ ਲੈ ਕੇ ਕਰੀਬ 11 ਸਾਲ ਆਪਣੇ ਮਾਪਿਆਂ ਨੂੰ ਆਪਣੇ ਵੱਲੋਂ ਕਰਵਾਏ ਗਏ ਵਿਆਹ ਅਤੇ ਆਪਣੇ ਬੇਟੇ ਸਬੰਧੀ ਸੱਚ ਨਹੀਂ ਦੱਸਿਆ। ਉਸ ਨੇ ਮਾਪਿਆ ਨੂੰ ਬਹਾਨਾ ਲਾਇਆ ਕਿ ਉਹ ਪਟਨਾ ਸਾਹਿਬ ਵਿਖੇ ਕਿਸੇ ਬਜ਼ੁਰਗ ਦੀ ਸੇਵਾ ਕਰਦੀ ਹੈ ਅਤੇ ਕਦੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਨ ਸਬੰਧੀ ਦੱਸਦੀ ਸੀ ਪਰ ਉਸ ਔਰਤ ਵੱਲੋਂ ਕਦੇ ਵੀ ਆਪਣੇ ਵਿਆਹ ਬਾਰੇ ਨਾ ਦੱਸਿਆ ਅਤੇ ਜੇਕਰ ਕਦੇ ਮਾਪੇ ਉਸ ਨਾਲ ਵਿਆਹ ਬਾਰੇ ਗੱਲ ਕਰਦੇ ਤਾਂ ਉਹ ਟਾਲ-ਮਟੋਲ ਕਰ ਦਿੰਦੀ ਸੀ ਤੇ ਧਰਮ ਦੀ ਆੜ੍ਹ ਵਿਚ ਨਵੇਂ ਬਹਾਨੇ ਲਾਉਂਦੀ। ਕੁੜੀ ਦੇ ਪਿਤਾ ਨੇ ਦੱਸਿਆ ਕੁਝ ਦਿਨ ਪਹਿਲਾਂ ਇਸ ਬੱਚੇ ਨੂੰ ਉਹ ਆਧਾਰ ਕਾਰਡ ਬਣਾਉਣ ਦਾ ਬਹਾਨਾ ਲਾ ਕੇ ਲੈ ਗਈ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਬੱਚਾ ਉਸ ਦਾ ਹੈ ਅਤੇ ਉਸ ਨੇ ਇਸ ਦਾ ਕਤਲ ਕਰਨਾ ਹੈ। ਉਨ੍ਹਾਂ ਜਦੋਂ ਵੀਰਪਾਲ ਕੌਰ ਨੂੰ ਫੋਨ ਕਰ ਕੇ ਬੱਚੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਹਸਪਤਾਲ ਵਿਚ ਹੈ, ਬਾਅਦ ’ਚ ਫੋਨ ਕਰੇਗੀ। ਪਹਿਲਾਂ ਜਦੋਂ ਉਹ ਬੱਚੇ ਨੂੰ ਲੈ ਕੇ ਜਾਂਦੀ ਸੀ ਤਾਂ ਫੋਨ ’ਤੇ ਗੱਲ ਕਰਵਾ ਦਿੰਦੀ ਪਰ ਇਸ ਵਾਰ ਉਸ ਨੇ ਗੱਲ ਨਹੀਂ ਕਰਵਾਈ। ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਮਾਨਸਾ ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕੁੜੀ ਦੇ ਪਿਤਾ, ਪਿੰਡ ਦੇ ਸਰਪੰਚ, ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਬੱਚੇ ਦੀ ਹੱਤਿਆ ਪਿਛੇ ਹੋਰ ਲੋਕ ਵੀ ਹੋ ਸਕਦੇ ਹਨ, ਇਸ ਲਈ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ। ਸਰਪੰਚ ਜਸਵਿੰਦਰ ਸਿੰਘ ਜੱਸ ਨੇ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ ਜਿਸ ਵਿਚ ਕੋਈ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ।

Related Post