July 6, 2024 01:03:32
post

Jasbeer Singh

(Chief Editor)

Latest update

ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਸੇਵਾ ਤਪੱਸਿਆ ਦਿਵਸ ਵਜੋਂ ਮਨਾਇਆ

post-img

ਇੱਥੇ ਅੱਜ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ ਦਿਨ ਰੇਲਵੇ ਸਟੇਸ਼ਨ ’ਤੇ ਦੁਪਹਿਰ ਸਮੇਂ ਫੁਟਪਾਥ ’ਤੇ ਬੈਠ ਕੇ ‘ਸੇਵਾ ਤਪੱਸਿਆ ਦਿਨ’ ਵਜੋਂ ਮਨਾਇਆ ਗਿਆ। ਦੇਸ਼ ਵੰਡ ਮਗਰੋਂ ਪਾਕਿਸਤਾਨ ਤੋਂ ਆਉਣ ਮਗਰੋਂ ਭਗਤ ਪੂਰਨ ਸਿੰਘ ਵੱਲੋਂ ਰੇਲਵੇ ਸਟੇਸ਼ਨ ਬਾਹਰ ਫੁਟਪਾਥ ’ਤੇ ਬੈਠ ਕੇ ਅਪਾਹਜ, ਬਿਮਾਰਾਂ ਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਸੀ। ਉਸ ਵੇਲੇ ਉਨ੍ਹਾਂ ਕੋਲ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੋਈ ਛੱਤ ਵੀ ਨਹੀਂ ਸੀ। ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਨੂੰ ਯਾਦ ਕਰਦਿਆਂ ਅੱਜ ਸੰਸਥਾ ਵੱਲੋਂ ਸੇਵਾ ਤਪੱਸਿਆ ਦਿਨ ਵਜੋਂ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਗਲਵਾੜਾ ਦੇ ਪ੍ਰਬੰਧਕ ਅਤੇ ਮਰੀਜ਼ ਇਕੱਠੇ ਹੋ ਕੇ ਰੇਲਵੇ ਸਟੇਸ਼ਨ ’ਤੇ ਪੁੱਜੇ, ਜਿੱਥੇ ਉਨ੍ਹਾਂ ਫੁੱਟਪਾਥ ’ਤੇ ਬੈਠ ਕੇ ਇਹ ਤਪੱਸਿਆ ਦਿਹਾੜਾ ਦੁਪਹਿਰ 12 ਤੋਂ 3 ਵਜੇ ਤੱਕ ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ ਮਨਾਇਆ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਥਾਨ ’ਤੇ ਭਗਤ ਪੂਰਨ ਸਿੰਘ ਨੇ ਲੋੜਵੰਦ ਅਪਾਹਜਾਂ ਦੀ ਸੇਵਾ ਮੁਹਿੰਮ ਆਰੰਭ ਕਰ ਕੇ ਪਿੰਗਲਵਾੜਾ ਹੋਂਦ ਵਿੱਚ ਲਿਆਂਦਾ ਸੀ। ਦੇਸ਼ ਦੀ ਵੰਡ ਮਗਰੋਂ ਉਹ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੱਗੇ ਰਿਫ਼ਿਊਜ਼ੀ ਕੈਂਪ ਵਿੱਚ ਪੁੱਜੇ ਅਤੇ ਉੱਥੇ ਲਾਵਾਰਿਸਾਂ ਦੀ ਸੇਵਾ ਕੀਤੀ। ਇਸ ਕੈਂਪ ਵਿੱਚ 25,000 ਸ਼ਰਨਾਰਥੀ ਸਨ। ਉਸ ਸਮੇਂ ਕੈਂਪ ਵਿੱਚ ਲੋੜਵੰਦਾਂ ਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਇਹ ਕੈਂਪ 31 ਦਸੰਬਰ 1947 ਤੱਕ ਚੱਲਿਆ। ਕੁਝ ਦੇਰ ਭਗਤ ਜੀ ਨੇ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਦੇ ਬਾਹਰ ਸੜਕ ਕਿਨਾਰੇ ਰਹਿ ਕੇ ਹੱਥੀਂ ਸੇਵਾ ਕੀਤੀ। ਮਗਰੋਂ ਉਹ ਰੇਲਵੇ ਸਟੇਸ਼ਨ ਦੇ ਸਾਹਮਣੇ ਟਾਂਗਾ ਸਟੈਂਡ ਦੇ ਫੁੱਟਪਾਥ ’ਤੇ ਕਈ ਮਹੀਨੇ ਅਪਾਹਜਾਂ ਦੀ ਸੇਵਾ ਕਰਦੇ ਰਹੇ। ਇਹ ਸੇਵਾ ਉਨ੍ਹਾਂ ਜਨਵਰੀ 1948 ਤੋਂ ਆਰੰਭ ਕੀਤੀ ਸੀ। ਇਸ ਮੌਕੇ ਬੁਲਾਰਿਆਂ ਨੇ ਭਗਤ ਪੂਰਨ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਪਿੰਗਲਵਾੜਾ ਦਾ ਸਾਹਿਤ ਵੀ ਵੰਡਿਆ ਗਿਆ। ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ, ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਪ੍ਰੀਤਇੰਦਰਜੀਤ ਕੌਰ ਅਤੇ ਜਨਰਲ ਮੈਨੇਜਰ ਤਿਲਕ ਰਾਜ ਹਾਜ਼ਰ ਸਨ।

Related Post