
ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ
- by Jasbeer Singh
- November 14, 2024

ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ `ਚ ਇਕ ਵੀ ਸੀਟ ਨਹੀਂ ਮਿਲੀ : ਜਾਖੜ ਚੰਡੀਗੜ੍ਹ : ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਰਹਿ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਕੇ ਪਾਰਟੀ `ਚ ਪ੍ਰੋਗਰਾਮਾਂ ਵਿਚ ਆਪਣੀ ਦੂਰੀ ਪਿਛਲੇ ਕਾਰਨਾਂ, ਕਿਸਾਨਾਂ ਤੇ ਵਿਰੋਧੀ ਪਾਰਟੀਆਂ ਸਮੇਤ ਕਈ ਮੁੱਦਿਆਂ `ਤੇ ਖੁੱਲ੍ਹ ਕੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਬੇਸ਼ੱਕ ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6% ਤੋਂ 18% ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ `ਚ ਇਕ ਵੀ ਸੀਟ ਨਹੀਂ ਮਿਲੀ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਰੀ ਇਹ ਨਾਕਾਮੀ ਸੀ। ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਦਿੱਤਾ। ਮੈਂ ਹਾਈਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਨ੍ਹਾਂ `ਤੇ ਚਰਚਾ ਵੀ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਚੋਣਾਂ `ਚ ਸਰਗਰਮ ਨਹੀਂ ਹਾਂ। ਮੈਂ ਆਪਣੇ ਆਪ `ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ। ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਤੇ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਹਮੇਸ਼ਾ ਭਾਈਚਾਰਕ ਸਦਭਾਵਨਾ ਦਾ ਸਬੂਤ ਦਿੱਤਾ ਹੈ। ਕਰਤਾਰਪੁਰ ਲਾਂਘਾ ਖੁਲਵਾਉਣ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲਾਲ ਕਿਲੇ `ਤੇ ਮਨਾਉਣ, ਵੀਰ ਬਾਲ ਦਿਵਸ ਮਨਾਉਣ ਵਰਗੇ ਕੰਮ ਉਨ੍ਹਾਂ ਦੇ ਪੰਜਾਬ ਪ੍ਰਤੀ ਲਗਾਅ ਨੂੰ ਦਰਸਾਉਂਦੇ ਹਨ। ਉਹ ਸਿੱਖ ਭਾਈਚਾਰੇ ਪ੍ਰਤੀ ਲਾਮਬੰਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿੰਦੇ ਹਨ ਕਿ ਪੰਜਾਬ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਪੰਜਾਬ ਇਸ ਸਮੇਂ ਬੜੇ ਖ਼ਤਰਨਾਕ ਮੰਜਰ `ਚੋਂ ਗੁਜ਼ਰ ਰਿਹਾ ਹੈ। `ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ` ਦੀ ਸੋਚ `ਤੇ ਪਹਿਰਾ ਦੇਣ ਦੀ ਲੋੜ ਹੈ। ਕਿਸਾਨਾਂ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ `ਚ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਦੀ ਟੀਸ ਬਰਕਰਾਰ ਹੈ। ਅੰਦੋਲਨ ਕਾਰਨ ਕਈ ਕਿਸਾਨਾਂ ਨੇ ਜਾਨਾਂ ਗੁਆਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਹ ਗੱਲ ਮੰਨ ਚੁੱਕੇ ਹਨ ਕਿ ਕਿਸਾਨਾਂ ਨੂੰ ਸਮਝਾਉਣ `ਚ ਸਾਡੀ ਸਰਕਾਰ ਕਾਮਯਾਬ ਨਹੀਂ ਹੋ ਸਕੀ। ਇਸ ਸਮੇਂ ਕਿਸਾਨਾਂ ਦੀ ਬਾਂਹ ਫੜਨ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ। ਕਿਸਾਨ ਮੰਡੀਆਂ `ਚ ਰੁਲ ਰਹੇ ਹਨ. ਸਥਿਤੀ ਇਹ ਬਣ ਗਈ ਹੈ ਕਿ ਕਿਸਾਨ ਨੂੰ ਖ਼ੁਦਕੁਸ਼ੀ ਤੱਕ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਕੋਰੋਨਾ ਕਾਲ ਜਿਹੇ ਔਖੇ ਸਮੇਂ `ਚ ਵੀ ਫ਼ਸਲਾਂ ਦੀ ਨਿਰਵਿਘਨ ਖ਼ਰੀਦ ਕੀਤੀ ਗਈ ਪਰ ਹੁਣ ਕਿਸਾਨ ਮੰਡੀਆਂ `ਚ ਖੱਜਲ ਹੋ ਰਹੇ ਹਨ।ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਰਹਿਣਾ ਪੰਜਾਬ `ਚ ਬਹੁਤ ਜਰੂਰੀ ਹੈ ਚਾਹੇ ਉਸ `ਚ ਸੁਖਬੀਰ ਬਾਦਲ ਹੋਣ ਜਾਂ ਨਾ ਹੋਣ। ਅਕਾਲੀ ਦਲ ਇਕ ਇੰਸਟੀਚਿਊਟ ਹੈ . ਇਸ ਤੋਂ ਇਲਾਵਾ ਅਕਾਲੀ ਦਲ ਇਕ ਸੋਚ ਹੈ। ਅਕਾਲੀ ਦਲ ਨੂੰ ਮਜ਼ਬੂਤ ਰੱਖਣ ਲਈ ਇਸ `ਚ ਚੰਗੇ ਰਾਜਨੇਤਾ ਹੋਣੇ ਚਾਹੀਦੇ ਹਨ। ਪਹਿਲਾਂ ਅਕਾਲੀ ਦਲ `ਚ ਜਿਹੜੇ ਨੇਤਾਵਾਂ ਨੇ ਬੁੱਲ੍ਹੇ ਲੁੱਟੇ ਹਨ, ਉਹ ਹੁਣ ਕਿਉਂ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ ਤੇ ਪਹਿਲਾਂ ਕਿਉਂ ਨਹੀਂ ਬੋਲੇ। ਮੇਰਾ ਮੰਨਣਾ ਹੈ ਕਿ ਪੰਜਾਬ `ਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਸਿਆਸੀ ਪਾਰਟੀ ਨਹੀਂ ਹੈ। ਇਸ ਦੀ ਨੀਂਹ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਮੁਕੱਦਸ ਅਸਥਾਨ ਤੋਂ ਰੱਖੀ ਗਈ। ਇਸ ਦੀ ਤੁਲਨਾ ਕਿਸੇ ਹੋਰ ਸਿਆਸੀ ਪਾਰਟੀ ਨਾਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਬਾਰੇ ਮੇਰੇ ਕੀਤੇ ਗਏ ਟਵੀਟ `ਤੇ ਕਈਆਂ ਨੂੰ ਪਿੱਸੂ ਪਏ ਹੋਏ ਹਨ। ਮੈਂ ਹਰ ਕਿਸੇ ਦੀ ਰਗ-ਰਗ ਨੂੰ ਜਾਣਦਾ ਹਾਂ।
Related Post
Popular News
Hot Categories
Subscribe To Our Newsletter
No spam, notifications only about new products, updates.