July 6, 2024 01:41:48
post

Jasbeer Singh

(Chief Editor)

Punjab, Haryana & Himachal

ਫੇਸਬੁੱਕ ਰਾਹੀਂ ਬਲੈਕਮੇਲ ਕਰਨ ਵਾਲਾ ਗਰੋਹ ਸਰਗਰਮ

post-img

ਇਲਾਕੇ ਵਿੱਚ ਸੋਸ਼ਲ ਮੀਡੀਆ ’ਤੇ ਕੁੜੀਆਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦਾ ਗੋਰਖ-ਧੰਦਾ ਚੱਲ ਰਿਹਾ ਹੈ। ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਜਾਅਲੀ ਫੇਸਬੁੱਕ ਖਾਤੇ ਬਣਾ ਕੇ ਆਮ ਲੋਕਾਂ ਖ਼ਾਸਕਰ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਂਦੇ ਹਨ। ਇਸ ਮਗਰੋਂ ਨਵੇਂ ਜੁੜੇ ਵਿਅਕਤੀ ਨਾਲ ਫੋਨ ਨੰਬਰ ’ਤੇ ਵਟਸਐਪ ਰਾਹੀਂ ਵੀਡੀਓ ਕਾਲ ਕਰ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਇਸ ਸਬੰਧੀ ਸਟਿੰਗ ਅਪਰੇਸ਼ਨ ਕਰਨ ਵਾਲੇ ਵਿਅਕਤੀ ਨੇ ਡੀਜੀਪੀ, ਏਡੀਜੀਪੀ ਸਾਈਬਰ ਕਰਾਈਮ ਸੈੱਲ, ਸਕੱਤਰ ਕੇਂਦਰੀ ਗ੍ਰਹਿ ਮੰਤਰਾਲਾ, ਭਾਰਤ ਸਰਕਾਰ, ਸਕੱਤਰ ਗ੍ਰਹਿ ਵਿਭਾਗ ਪੰਜਾਬ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਨ ਦੀ ਮੰਗ ਕੀਤੀ ਹੈ। ਇਸ ਜਾਅਲਸਾਜ਼ੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ’ਤੇ ਇਸ ਗਰੋਹ ਦੇ ਮੈਂਬਰਾਂ ਨੇ ਉਲਟਾ ਸ਼ਿਕਾਇਤਕਰਤਾ ਨੂੰ ਹੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸ਼ਰਾਰਤੀ ਅਨਸਰ ਪੀੜਤ ਨੂੰ ਧਮਕਾਉਣ ਲਈ ਕਥਿਤ ਤੌਰ ’ਤੇ ਪੁਲੀਸ ਦੀ ਵਰਦੀ ਦੀ ਵੀ ਨਾਜਾਇਜ਼ ਵਰਤੋਂ ਕਰਦੇ ਹਨ। ਪੀੜਤ ਨੂੰ ਪੁਲੀਸ ਦੀ ਵਰਦੀ ਵਾਲੀ ਫੋਟੋ ਲੱਗੇ ਨੰਬਰ ਤੋਂ ਫੋਨ ਆਉਂਦਾ ਹੈ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਉਸ ਨੂੰ ਸਾਈਬਰ ਕ੍ਰਾਈਮ ਦੇ ਸਹਿਯੋਗੀ ਸੋਸ਼ਲ ਮੀਡੀਆ ਨੈੱਟਵਰਕ ਸੰਚਾਲਕ ਦਾ ਨੰਬਰ ਮੁਹੱਈਆ ਕਰਵਾ ਕੇ ਉਸ ਨਾਲ ਤੁਰੰਤ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅੱਗੋਂ ਉਹ ਵਿਅਕਤੀ ਪੀੜਤ ਨੂੰ ਬਦਨਾਮੀ ਤੇ ਕਾਨੂੰਨੀ ਕਾਰਵਾਈ ਤੋਂ ਬਚਾਉਣ ਦਾ ਝਾਂਸਾ ਦੇ ਕੇ ਜੁਰਮਾਨੇ ਦੇ ਤੌਰ ’ਤੇ ਪੈਸੇ ਜਮ੍ਹਾਂ ਕਰਵਾਉਣ ਲਈ ਕਹਿੰਦੇ ਹਨ। ਪੈਸੇ ਮਿਲਣ ’ਤੇ ਥੋੜ੍ਹੀ ਦੇਰ ਬਾਅਦ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਆਸਟਰੇਲੀਆ ਵਿੱਚ ਆਪਣੇ ਬੱਚਿਆਂ ਕੋਲ ਰਹਿ ਰਹੇ ਮੁਹਾਲੀ ਦੇ ਸਾਬਕਾ ਕੌਂਸਲਰ ਨੇ ਵੀ ਅਜਿਹੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਮੁਹਾਲੀ ਰਹਿੰਦੇ ਆਪਣੇ ਇੱਕ ਦੋਸਤ ਨੂੰ ਅੱਜ ਸਵੇਰੇ ਵਸਟਅੱਪ ’ਤੇ ਆਡੀਓ ਮੈਸੇਜ ਭੇਜ ਕੇ ਉਸ ਦੀ ਇੱਕ ਫੇਸਬੁੱਕ ਦੋਸਤ ਨੂੰ ਬਲਾਕ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਬੰਧਤ ਲੜਕੀ ਦੇ ਨਾਂ ’ਤੇ ਫ਼ਰਜ਼ੀ ਫੇਸਬੁੱਕ ਖਾਤੇ ਬਣਾ ਕੇ ਕਈ ਵਿਅਕਤੀਆਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨਾਲ ਫੋਨ ਨੰਬਰ ਸਾਂਝਾ ਨਾ ਕੀਤਾ ਜਾਵੇ। ਸਾਬਕਾ ਕੌਂਸਲਰ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਫੇਸਬੁੱਕ ’ਤੇ ਸਬੰਧਤ ਵਿਅਕਤੀ ਦਾ ਪ੍ਰੋਫਾਈਲ ਚੈੱਕ ਕਰਨ ਤੋਂ ਬਾਅਦ ਉਸ ਨੂੰ ਦੋਸਤ ਬਣਨ ਦੀ ਬੇਨਤੀ ਕਰਦੇ ਹਨ ਅਤੇ ਬਾਅਦ ਵਿੱਚ ਵੀਡੀਓ ਕਾਲ ਰਾਹੀਂ ਉਸ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।

Related Post