 
                                              
                              ਨਾਮੀ ਨਸ਼ਾ ਤਸਕਰ ਸਤਪ੍ਰੀਤ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਚੰਡੀਗੜ੍ਹ, 18 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਰਮਿਆਨ ਕੌਮਾਂਤਰੀ ਨਸ਼ਾ ਗਠਜੋੜ ਨੂੰ ਵੱਡਾ ਝਟਕਾ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਸੁਚੱਜੇ ਯਤਨਾਂ ਉਪਰੰਤ ਕੈਨੇਡਾ-ਅਧਾਰਤ ਨਸ਼ਾ ਤਸਕਰ ਸਤਪ੍ਰੀਤ ਸਿੰਘ ਥਿਆੜਾ ਉਰਫ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਨਸ਼ਿਆਂ ਦੇ ਵਪਾਰ ਵਿੱਚ ਉਸਦੀ ਸ਼ਮੂਲੀਅਤ ਤੋਂ ਬਾਅਦ ਸਤਪ੍ਰੀਤ ਸਿੰਘ ਉਰਫ ਸੱਤਾ ਵਾਸੀ ਪਿੰਡ ਬੰਗਾ, ਨਵਾਂਸ਼ਹਿਰ ਨੂੰ ਸਾਲ 2021 ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਨਡੀਪੀਐਸ ਐਕਟ ਦੇ ਕੇਸ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਇਸ ਸਬੰਧੀ ਕੇਸ ਥਾਣਾ ਪੰਜਾਬ ਸਟੇਟ ਕ੍ਰਾਈਮ, ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 25, 27ਏ ਅਤੇ 29 ਤਹਿਤ ਐਫਆਈਆਰ ਨੰਬਰ 02 ਮਿਤੀ 20/12/21 ਨੂੰ ਦਰਜ ਕੀਤਾ ਗਿਆ ਸੀ । ਜਾਂਚ ਵਿੱਚ ਪਾਇਆ ਗਿਆ ਕਿ ਜਦੋਂ ਕੌਮਾਂਤਰੀ ਨਾਮੀ ਭੋਲਾ ਡਰੱਗ ਰੈਕੇਟ ਪੰਜਾਬ ਵਿੱਚ ਸਰਗਰਮ ਸੀ, ਉਸ ਸਮੇਂ ਦੋਸ਼ੀ ਸਤਪ੍ਰੀਤ ਸੱਤਾ 2007 ਤੋਂ 2013 ਦਰਮਿਆਨ ਨਿਯਮਿਤ ਤੌਰ 'ਤੇ ਭਾਰਤ ਆਉਂਦਾ ਰਿਹਾ। ਦੋਸ਼ੀ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜਿਆ ਹੋਇਆ ਸੀ ਅਤੇ ਉਸ ਸਮੇਂ ਦੇ ਵੱਖ-ਵੱਖ ਸਿਆਸੀ ਵਿਅਕਤੀਆਂ ਨਾਲ ਉਸਦੇ ਨੇੜਲੇ ਸਬੰਧ ਸਨ। ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੀ ਬੇਨਤੀ ਉਪਰੰਤ ਸਮਰੱਥ ਅਥਾਰਟੀ ਨੇ ਸਤਪ੍ਰੀਤ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ। ਡੱਬੀ: ਬਲੂ ਕਾਰਨਰ ਨੋਟਿਸ ਕੀ ਹੁੰਦਾ ਹੈ? ਇੰਟਰਪੋਲ ਦੁਆਰਾ ਜਾਰੀ ਕੀਤਾ ਗਿਆ ਬਲੂ ਕਾਰਨਰ ਨੋਟਿਸ ਅਪਰਾਧਿਕ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਅਧਿਕਾਰਤ ਕਰਦਾ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     