post

Jasbeer Singh

(Chief Editor)

Punjab

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਛਾਜਲੀ ਤੋਂ ਨੰਗਲਾ ਤੱਕ 3.97 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕਰਵਾਈ ਸੜਕ ਦਾ

post-img

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਛਾਜਲੀ ਤੋਂ ਨੰਗਲਾ ਤੱਕ 3.97 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕਰਵਾਈ ਸੜਕ ਦਾ ਕੀਤਾ ਉਦਘਾਟਨ ਰਟੋਲਾਂ ਤੋਂ ਢੰਡੋਲੀ ਕਲਾਂ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਵੀ ਕਰਵਾਈ ਸ਼ੁਰੂਆਤ ਦਿੜ੍ਹਬਾ, 24 ਨਵੰਬਰ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਛਾਜਲੀ ਤੋਂ ਨੰਗਲਾ ਤੱਕ ਸੜਕ ਨੂੰ 18 ਫੁੱਟ ਚੌੜਾ ਕਰਕੇ ਅਪਗ੍ਰੇਡ ਕਰਨ ਮਗਰੋਂ ਰਸਮੀ ਉਦਘਾਟਨ ਕੀਤਾ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜਰੂਰਤਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਪਿਛਲੇ ਕਰੀਬ ਪੌਣੇ ਤਿੰਨ ਸਾਲਾਂ ਤੋਂ ਸੂਬੇ ਦੇ ਹਰ ਹਿੱਸੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ । ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਿੜਬਾ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵਸਦੇ ਨਾਗਰਿਕਾਂ ਦੀ ਹਰ ਜਰੂਰਤ ਨੂੰ ਤਰਜੀਹ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਨੂੰ ਲੋਕਾਂ ਦੀਆਂ ਜਰੂਰਤਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਛਾਜਲੀ ਤੋਂ ਨੰਗਲਾ ਸੜਕ ਦੀ ਲੰਬਾਈ 5.75 ਕਿਲੋਮੀਟਰ ਹੈ ਅਤੇ ਇਸ ਦਾ ਨਿਰਮਾਣ ਕਰਨ ਤੇ ਲਗਭਗ 3 ਕਰੋੜ 97 ਲੱਖ ਰੁਪਏ ਦੇ ਲਗਭਗ ਖਰਚ ਆਇਆ ਹੈ । ਇੱਕ ਹੋਰ ਵਿਕਾਸ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਰਟੋਲਾਂ ਤੋਂ ਢੰਡੋਲੀ ਕਲਾਂ ਦੇ ਲਿੰਕ ਰੋਡ ਦੇ ਕੱਚੇ ਪਹੇ ਨੂੰ ਪੱਕਾ ਕਰਨ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ । ਉਹਨਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸੜਕਾਂ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਕੈਬਨਿਟ ਮੰਤਰੀ ਨੇ ਕਿਹਾ ਕਿ 4 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਦੇ ਨਿਰਮਾਣ ਉੱਤੇ ਲਗਭਗ 1 ਕਰੋੜ 59 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਇਸ ਸੜਕ ਉੱਤੇ ਆਵਾਜਾਈ ਨੂੰ ਸ਼ੁਰੂ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ । ਇਸ ਮੌਕੇ ਕੈਬਨਿਟ ਮੰਤਰੀ ਦੇ ਓ. ਐਸ. ਡੀ. ਤਪਿੰਦਰ ਸਿੰਘ ਸੋਹੀ, ਪੀਡਬਲਡੀ ਦੇ ਐਸਡੀ ਓ ਦਲਜੀਤ ਸਿੰਘ, ਜੇਈ ਜੀਵਨ ਜੋਤ ਸਿੰਘ ਤੇ ਜਤਿਨ ਕੁਮਾਰ ਤੋਂ ਇਲਾਵਾ ਸੰਬੰਧਿਤ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ, ਪੰਚ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ ।

Related Post