ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਅੱਜ ਜਨਮ ਦਿਨ ਸੀ। ਇਸ ਗੱਲ ਦਾ ਜਿਵੇਂ ਹੀ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਹਲਕੇ ਦੇ ਦੋ ਦਰਜਨ ਦੇ ਕਰੀਬ ਬੂਥਾਂ ਉੱਤੇ ਡਾ. ਗਾਂਧੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਇਸ ਤੋਂ ਇਲਾਵਾ ਡਾ. ਗਾਂਧੀ ਨੇ ਵਿਰੋਧੀਆਂ ਵੱਲੋਂ ਇਕ ਵੀਡੀਓ ਸਾਂਝੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਸੋਸ਼ਲ ਮੀਡੀਆ ’ਤੇ ਭਰਮਾਊ ਸੰਦੇਸ਼ ਛੱਡ ਕੇ ਵੋਟਰਾਂ ਵਿੱਚ ਭਰਮ-ਭੁਲੇਖਾ ਫੈਲਾਉਣ ਦੀ ਸਾਜ਼ਿਸ਼ ਰਚੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਡਾ. ਧਰਮਵੀਰ ਗਾਂਧੀ ਬੁਰੀ ਤਰ੍ਹਾਂ ਹਾਰ ਰਹੇ ਹਨ, ਇਸ ਕਰਕੇ ਡਾ. ਗਾਂਧੀ ਨੂੰ ਵੋਟ ਪਾ ਕੇ ਆਪਣੀ ਵੋਟ ਖ਼ਰਾਬ ਨਾ ਕਰੋ, ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਹਰਾਉਣ ਲਈ ਵੋਟ ‘ਆਪ’ ਦੇ ਉਮੀਦਵਾਰ ਨੂੰ ਪਾ ਦਿਓ’। ਇਸ ਦੇ ਜਵਾਬ ਵਿਚ ਡਾ. ਗਾਂਧੀ ਨੇ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਕਾਂਗਰਸ ਪਾਰਟੀ ਪਟਿਆਲਾ ਵਿਚ ਵੱਡੇ ਪੱਧਰ ’ਤੇ ਜਿੱਤ ਰਹੀ ਹੈ, ਇਸ ਕਰ ਕੇ ਵੋਟਰ ਆਪਣੇ ਮਨ ਦੀ ਸੁਣ ਕੇ ਵੋਟ ਪਾਉਣ। ਡਾ. ਧਰਮਵੀਰ ਗਾਂਧੀ ਨੇ ਲੋਕ ਸਭਾ ਹਲਕੇ ਪਟਿਆਲਾ ਦੇ ਕਈ ਬੂਥਾਂ ਵਿਚ ਜਾ ਕੇ ਸਮਰਥਕਾਂ ਦਾ ਹੌਸਲਾ ਵਧਾਇਆ ਤੇ ਵੋਟਿੰਗ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਵਰਕਰਾਂ ਨੇ ਡਾ. ਗਾਂਧੀ ਤੋਂ ਕੇਕ ਕਟਵਾ ਕੇ ਜਨਮ ਦਿਨ ਮਨਾਇਆ। ਸ੍ਰੀ ਗਾਂਧੀ ਨੇ ਕਿਹਾ ਕਿ ਪਟਿਆਲਾ ਹਲਕੇ ਵਿਚ ਮਿਲੇ ਸਮਰਥਨ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਵੱਡੇ ਪੱਧਰ ’ਤੇ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਟਿਆਲਾ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ ਮਹਿਲਾਂ ਵਾਲਿਆਂ ਨੂੰ ਹਰਾਇਆ ਸੀ।

                                    
                                                   
                                                   
                                                   
                                                   
                                                   
                                                   
                                                   
                                                   
                                                   
                                                   
                                          
                                          