

ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਹੈ। ਮੌਸਮ ਵਿਭਾਗ ਨੇ ਭਲਕ ਤੋਂ ਅਗਲੇ ਤਿੰਨ ਦਿਨ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਅਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਬਠਿੰਡਾ ਏਅਰਪੋਰਟ ਵਾਲਾ ਖੇਤਰ ਅੱਜ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਰਿਹਾ। ਇਸੇ ਤਰ੍ਹਾਂ ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 1.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਕਿ 3, 4 ਅਤੇ 5 ਜੂਨ ਨੂੰ ਪੰਜਾਬ ਵਾਲੇ ਪਾਸੇ ਪੱਛਮੀ ਗੜਬੜੀ ਦਾ ਮਾਹੌਲ ਬਣ ਰਿਹਾ ਹੈ ਜਿਸ ਦਾ ਅਸਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਹਵਾਵਾਂ ਤੇ ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਅੱਜ ਵੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਜਲੰਧਰ ਵਿੱਚ ਤਾਪਮਾਨ 40.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਰੋਪੜ ਵਿੱਚ ਤਾਪਮਾਨ 40.9, ਰੂਪਨਗਰ ਵਿੱਚ 40.8, ਨਵਾਂ ਸ਼ਹਿਰ ਵਿੱਚ 40.6, ਫਤਿਹਗੜ੍ਹ ਸਾਹਿਬ ਵਿੱਚ 41.8, ਚੰਡੀਗੜ੍ਹ ਵਿੱਚ 42.4, ਲੁਧਿਆਣਾ ਵਿੱਚ 42.2, ਪਟਿਆਲਾ ਵਿੱਚ 42.6, ਪਠਾਨਕੋਟ ਵਿੱਚ 42.9, ਫਰੀਦਕੋਟ ਵਿੱਚ 42.5, ਬਰਨਾਲਾ ਵਿੱਚ 42.6, ਫਿਰੋਜ਼ਪੁਰ ਵਿੱਚ 42.9, ਅੰਮ੍ਰਿਤਸਰ ਵਿੱਚ 43.5 ਅਤੇ ਗੁਰਦਾਸਪੁਰ ਵਿੱਚ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ’ਚ ਮੀਂਹ ਮਗਰੋਂ ਗਰਮੀ ਤੋਂ ਮਿਲੀ ਮਾਮੂਲੀ ਰਾਹਤ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਪਿਛਲੇ 24 ਘੰਟਿਆਂ ਦਰਮਿਆਨ ਹਲਕਾ ਮੀਂਹ ਪਿਆ ਜਿਸ ਨਾਲ ਤਾਪਮਾਨ ’ਚ ਮਾਮੂਲੀ ਗਿਰਾਵਟ ਆਉਣ ਦੇ ਨਾਲ ਹੀ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਸਭ ਤੋਂ ਵੱਘ 11 ਐੱਮਐੱਮੀ ਮੀਂਹ ਰਾਜਗੜ੍ਹ ਤੇ ਚੁਰੂ ’ਚ ਪਿਆ ਜਦਕਿ ਸੀਕਰ ’ਚ 8 ਐੱਮਐੱਮ ਮੀਂਹ ਪਿਆ ਹੈ। ਵਿਭਾਗ ਨੇ ਆਉਂਦੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੋਂ ਹੇਠਾਂ ਰਹਿਣ ਤੇ ਲੂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।