
ਅੰਮ੍ਰਿਤਸਰ ਆ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਅੱਗ ਲੱਗਣ ਕਾਰਨ ਸੜ ਕੇ ਸੁਆਹ; ਜਾਨੀ ਨੁਕਸਾਨ ਤੋਂ ਬਚਾਅ
- by Aaksh News
- June 3, 2024

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਅੰਮ੍ਰਿਤਸਰ ਆ ਰਹੀ ਹਿਮਾਚਲ ਸਟੇਟ ਟਰਾਂਸਪੋਰਟ ਦੀ ਬੱਸ ਐਚਪੀ67-3861 ਅੱਡਾ ਖਿਲਚੀਆਂ ਨੇੜੇ ਥੋਥੀਆਂ ਵਾਲੀ ਪੁਲੀ ਉੱਪਰ ਅੱਜ ਸ਼ਾਮ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਬੱਸ ਵਿੱਚ ਸਵਾਰ ਸਵਾਰੀਆਂ ਦਾ ਕਾਫੀ ਹੱਦ ਤਕ ਮਾਲੀ ਨੁਕਸਾਨ ਹੋਇਆ ਹੈ। ਬੱਸ ਦੇ ਡਰਾਈਵਰ ਕਸ਼ਮੀਰ ਚੰਦ ਨੇ ਦੱਸਿਆ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਬੱਸ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ ਕਿ ਬੱਸ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਜੀਟੀ ਰੋਡ ’ਤੇ ਪਿੰਡ ਥੋਥੀਆ ਦੀ ਪੁਲੀ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਉਸ ਨੇ ਦੱਸਿਆ ਹਾਦਸੇ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ ਤੇ ਬਾਕੀ ਯਾਤਰੀ ਸੁਰੱਖਿਅਤ ਹਨ। ਇਸ ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇਅ ਨੰਬਰ ਇਕ ’ਤੇ ਭਾਰੀ ਜਾਮ ਲੱਗ ਗਿਆ। ਅੱਗ ਦੀ ਘਟਨਾ ਦੀ ਖਬਰ ਮਿਲਦਿਆਂ ਹੀ ਜੰਡਿਆਲਾ ਗੁਰੂ ਤੋਂ ਅੱਗ ਬਝਾਊ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਜਿਨ੍ਹਾਂ ਨੇ ਅੱਗ ਉੱਪਰ ਕਾਬੂ ਪਾ ਲਿਆ। ਡੀਐਸਪੀ ਬਾਬਾ ਬਕਾਲਾ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਜੀਟੀ ਰੋਡ ’ਤੇ ਆਵਾਜਾਈ ਵੀ ਬਹਾਲ ਕਰਵਾਈ ਗਈ ਹੈ।