

ਭਾਰਤ ਦੇ ਆਰ. ਪ੍ਰਗਨਾਨੰਦ ਨੇ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ’ਤੇ ਇੱਕ ਹੋਰ ਜਿੱਤ ਦਰਜ ਕੀਤੀ ਪਰ ਉਹ ਸੁਪਰਬੇਟ ਰੈਪਿਡ ਅਤੇ ਬਲਿੱਟਜ਼ ਸ਼ਤਰੰਜ ਟੂਰਨਾਮੈਂਟ ਵਿੱਚ ਹਾਲੇ ਵੀ ਤੀਸਰੇ ਸਥਾਨ ’ਤੇ ਬਰਕਰਾਰ ਹੈ ਜਦਕਿ ਚੀਨ ਦੇ ਵੇਈ ਯੀ ਨੇ 2.5 ਅੰਕਾਂ ਦੀ ਮਜ਼ਬੂਤ ਲੀਡ ਹਾਸਲ ਕਰ ਲਈ ਹੈ। ਵੇਈ ਯੀ ਸੱਤ ਜਿੱਤਾਂ ਨਾਲ 20.5 ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ। ਕਾਰਲਸਨ ਦੇ 18 ਅੰਕ ਹਨ ਅਤੇ ਉਹ ਦੂਜੇ ਸਥਾਨ ’ਤੇ ਹੈ। ਉਸ ਤੋਂ ਬਾਅਦ ਪ੍ਰਗਨਾਨੰਦ ਦਾ ਨੰਬਰ ਆਉਂਦਾ ਹੈ। ਹਾਲਾਂਕਿ, ਇਸ ਭਾਰਤੀ ਖਿਡਾਰੀ ਦੇ 14.5 ਅੰਕ ਹਨ। ਭਾਰਤ ਦਾ ਅਰਜੁਨ ਐਰੀਗੈਸੀ 14 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ, ਜਦਕਿ ਪੋਲੈਂਡ ਦਾ ਡੂਡਾ ਜਾਨ-ਕਰਜ਼ਿਸਟੋਫ 13 ਅੰਕਾਂ ਨਾਲ ਉਸ ਤੋਂ ਪੱਛੜ ਗਿਆ ਹੈ। ਉਜ਼ਬੇਕਿਸਤਾਨ ਦਾ ਨੋਦਿਰਬੇਕ ਅਬਦੁਸਤੋਰੋਵ 12.5 ਨਾਲ ਛੇਵੇਂ ਸਥਾਨ ’ਤੇ ਹੈ ਅਤੇ ਜਰਮਨੀ ਦੇ ਵਿਨਸੈਂਟ ਕੀਮਰ ’ਤੇ ਇੱਕ ਅੰਕ ਦੀ ਲੀਡ ਬਣਾ ਰੱਖੀ ਹੈ। ਰੋਮਾਨੀਆ ਦੇ ਕਿਰਿਲ ਸ਼ੇਵਚੇਂਕੋ 11 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ।