post

Jasbeer Singh

(Chief Editor)

Punjab

ਬੱਚਿਆਂ ਦੀ ਸਿਹਤ ਬਣਾਉਂਦੇ ਏਡਿਡ ਪੀ ਟੀ ਆਈ ਅਧਿਆਪਕਾਂ ਦੀ ਵਿਗੜੀ ਆਰਥਿਕ ਸਿਹਤ

post-img

ਬੱਚਿਆਂ ਦੀ ਸਿਹਤ ਬਣਾਉਂਦੇ ਏਡਿਡ ਪੀ ਟੀ ਆਈ ਅਧਿਆਪਕਾਂ ਦੀ ਵਿਗੜੀ ਆਰਥਿਕ ਸਿਹਤ ਏਡਿਡ ਡਰਾਇੰਗ ਅਧਿਆਪਕਾਂ ਦੀ ਰੋਜ਼ਾਨਾ ਜਿੰਦਗੀ ਹੋਈ ਬੇਰੰਗ ਸੱਤ ਮਹੀਨੇ ਤੋਂ ਤਨਖ਼ਾਹ ਤੋਂ ਵਾਂਝੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ/ਕਨਵੀਨਰ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਇਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਧੰਨਵਾਦੀ ਭਾਵਨਾ ਨਾਲ ਭਰੇ ਪਿਛਲੀ ਸਰਕਾਰ ਵੱਲੋਂ ਅਣਗੌਲੇ ਹੋਣ ਦੀ ਭਾਵਨਾ ਤੋਂ ਬਾਹਰ ਆ ਮੌਜੂਦਾ ਸਰਕਾਰ ਦੀ ਏਡਿਡ ਭਾਈਚਾਰੇ ਪ੍ਰਤੀ ਚੰਗੇ ਫੈਸਲੇ ਦੀ ਸ਼ਲਾਘਾ ਕਰ ਰਹੇ ਸਨ ,ਪਰ ਹੁਣ ਜਦੋਂ ਸਾਰੇ ਪੰਜਾਬ ਦੀਆਂ ਗਰਾਂਟਾਂ ਜਾਰੀ ਹੋਈਆਂ ਤਾਂ ਏਡਿਡ ਸਕੂਲਾਂ ਵਿੱਚ ਪੜ੍ਹਾ ਰਹੇ ਪੀ ਟੀ ਆਈ, ਆਰਟ ਐਂਡ ਕਰਾਫਟ ਤੇ ਨਾਨ ਪਟੀਸ਼ਨਰ ਸਿਲਾਈ ਟੀਚਰਾਂ ਦੀਆਂ ਮਾਰਚ 2024 ਤੋਂ ਤਨਖਾਹ ਰੋਕਣ ਦੇ ਫੈਸਲੇ ਨਾਲ ਰੋਸ ਨਾਲ ਭਰ ਗਏ । ਇਸ ਫੈਸਲੇ ਸਬੰਧੀ ਪ੍ਰੈਸ ਸਕੱਤਰ ਹਰਦੀਪ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਜਦੋਂ ਡੀ ਪੀ ਆਈ ਦਫਤਰ ਨਾਲ ਤੇ ਸਿੱਖਿਆ ਵਿਭਾਗ ਦੇ ਸਕੱਤਰ ਸਾਹਿਬਾਨ ਨਾਲ ਮੀਟਿੰਗ ਹੋਈ ਤਾਂ ਉਹਨਾਂ ਦੱਸਿਆ ਕਿ ਵਿੱਤ ਵਿਭਾਗ ਦੇ ਇਤਰਾਜ਼ ਕਾਰਨ ਜਿੰਨੀ ਦੇਰ ਵਿੱਤ ਵਿਭਾਗ ਮੰਨਜੂਰੀ ਨਹੀਂ ਦਿੰਦਾ ਤਾਂ ਸਿੱਖਿਆ ਵਿਭਾਗ ਇਹਨਾਂ ਅਧਿਆਪਕਾਂ ਦੀ ਗਰਾਂਟ ਜਾਰੀ ਕਰਨ ਤੋਂ ਅਸਮਰੱਥ ਹੈ। ਜਿਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਚਿੱਠੀ ਦੇ ਜਵਾਬ ਵਿੱਚ ਵਿਭਾਗ ਨੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਹੈ । ਦੇਸ ਤੇ ਪੰਜਾਬ ਨੂੰ ਹਜਾਰਾਂ ਖਿਡਾਰੀ ਤੇ ਆਰਟਿਸਟ ਪੈਦਾ ਕਰਕੇ ਦੇਣ ਵਾਲੇ ਇਹ ਅਧਿਆਪਕ ਨਾ ਸਿਰਫ ਰੋਸ ਨਾਲ ਭਰ ਗਏ ਹਨ ਬਲਕਿ ਨਿਰਾਸ਼ ਵੀ ਹਨ। ਇਸ ਸਬੰਧੀ ਵਿਸ਼ੇਸ ਤੌਰ ਤੇ ਜਿਲ੍ਹਾ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸ਼ਰਮਾਂ ਜੋ ਖੁਦ ਇਕ ਉੱਘੇ ਖਿਡਾਰੀ , ਕੋਚ ਹਨ ਅਤੇ ਕਰਮਜੀਤ ਸਿੰਘ ਰਾਣੋ ਤੇ ਆਰਟਿਸਟ ਅਧਿਆਪਕ ਭੀਮ ਸੈਨ ਨੇ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਅਕਤੂਬਰ 2011 ਤੋਂ 4400 ਗਰੇਡ ਪੇ ਨਾਲ ਤਨਖ਼ਾਹ ਲੈ ਰਹੇ ਹਨ ਤੇ ਸੈਂਕੜੇ ਸਾਥੀ ਇਸੇ ਦਰ ਨਾਲ ਤਨਖ਼ਾਹਾਂ ਲੈਕੇ ਰਿਟਾਇਰ ਹੋਕੇ ਪੈਨਸ਼ਨ ਵੀ ਲੈ ਰਹੇ ਹਨ, ਕਿਉਂਕਿ ਇਹਨਾਂ ਏਡਿਡ ਅਧਿਆਪਕਾਂ ਦੀ ਵੀ ਬਾਕੀ ਏਡਿਡ ਅਧਿਆਪਕਾਂ ਤੇ ਕਰਮਚਾਰੀਆਂ ਵਾਂਗ ਸਰਕਾਰੀ ਕਰਮਚਾਰੀਆਂ ਨਾਲ ਤਨਖ਼ਾਹ ਤੇ ਭੱਤਿਆਂ ਦੀ ਪੈਰਿਟੀ ਹੈ। ਸਰਕਾਰੀ ਸਕੂਲਾਂ ਦੇ ਪੀ ਟੀ ਆਈ ਤੇ ਡਰਾਇੰਗ ਅਧਿਆਪਕਾਂ ਨੂੰ 4400 ਨਾਲ ਹੀ ਤਨਖ਼ਾਹ ਮਿਲੀ ਹੈ ਤੇ ਉਹਨਾਂ ਨੂੰ 01-7-2021 ਤੋਂ ਛੇਵਾਂ ਪੇ-ਕਮਿਸਨ ਦਾ ਲਾਭ ਵੀ ਮਿਲ ਗਿਆ ਹੈ । ਹੁਣ ਜਦੋਂ ਏਡਿਡ ਸਕੂਲਾਂ ਦੇ ਸਟਾਫ਼ ਨੂੰ ਵੀ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਫੈਸਲੇ ਤੇ ਵਿੱਤ ਵਿਭਾਗ ਦੇ ਮਿਤੀ 26/6/2024 ਅਤੇ ਸਿੱਖਿਆ ਵਿਭਾਗ ਦੇ ਮਿਤੀ 27/6/2024 ਦੇ ਨੋਟੀਫਿਕੇਸ਼ਨ ਨਾਲ ਛੇਵਾਂ ਪੇ ਕਮਿਸ਼ਨ ਮਿਲਣ ਜਾ ਰਿਹਾ ਹੈ ਅਜਿਹੇ ਮੌਕੇ ਤਨਖ਼ਾਹ ਦੀ ਗਰਾਂਟ ਰੋਕ ਲੈਣੀ ਦੁੱਧ ਵਿੱਚ ਮੀਂਗਣਾ ਪਾਉਣ ਵਾਲੀ ਗੱਲ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਪੀ ਟੀ ਆਈ , ਆਰਟ ਐਂਡ ਕਰਾਫਟ ਤੇ ਸਿਲਾਈ ਅਧਿਆਪਕ ਸੀ ਐਂਡ ਵੀ ਕੇਡਰ ਵਿੱਚ ਆਉਂਦੇ ਹਨ ਜੋ ਕਿ ਪਿਛਲੇ ਸਾਰੇ ਪੇ ਕਮਿਸ਼ਨਾਂ ਵਿੱਚ ਪ੍ਰਾਇਮਰੀ ਜਮਾਤਾਂ ਪੜ੍ਹਾ ਰਹੇ ਕੇਡਰ ਤੋਂ ਅਗਲੇ ਵੱਧ ਗਰੇਡ ਨਾਲ ਤਨਖ਼ਾਹ ਲੈਂਦੇ ਰਹੇ ਹਨ ਕਿਉਂਕਿ ਇਹਨਾਂ ਅਧਿਆਪਕਾਂ ਦੀ ਅਧਿਆਪਨ ਜਿੰਮੇਵਾਰੀ ਹਾਈ ਸਕੂਲ ਜਮਾਤਾਂ ਦੀ ਹੈ। ਹੁਣ ਵਿੱਤ ਵਿਭਾਗ ਸਿਰਫ ਏਡਿਡ ਸਕੂਲ ਸੀ ਐਂਡ ਵੀ ਇਹਨਾਂ ਅਧਿਆਪਕਾਂ ਨੂੰ 3200 ਗਰੇਡ ਪੇ ਤੇ ਲਿਆਉਣਾ ਲਈ ਬਜਿਦ ਹੈ , ਉਹ ਵੀ ਸਿਰਫ ਚਾਰ ਮਹੀਨੇ ਮਾਰਚ 2024 ਤੋਂ ਜੂਨ 2024 ਤੱਕ । ਕਿਉਂਕਿ ਇਕ ਜੁਲਾਈ 2024 ਤੋਂ ਤਾਂ ਛੇਵੇਂ ਪੇ ਕਮਿਸ਼ਨ ਮੁਤਾਬਿਕ ਫਿਕਸੇਸਨ ਹੋਣੀ ਹੈ ਜਿਸ ਵਿੱਚ ਇਹਨਾਂ ਅਧਿਆਪਕਾਂ ਦੇ ਗਰੇਡ ਦਾ ਮਸਲਾ ਰਹਿਣਾ ਹੀ ਨਹੀਂ। ਇਸ ਲਈ ਪਿਛਲੀਆਂ ਮਿਤੀਆਂ ਤੋਂ ਗਰੇਡ ਘਟਾਉਣ ਦਾ ਯਤਨ ਸਰਾਸਰ ਮਾਣਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਤੇ ਮਾਨਹਾਨੀ ਹੈ, ਜਿਸ ਵਿੱਚ ਸਪੱਸ਼ਟ ਨਿਰਦੇਸ ਹਨ ਅਜਿਹਾ ਕੋਈ ਵੀ ਫੈਸਲਾ ਪਿਛਲੀਆਂ ਮਿਤੀਆਂ ਤੋਂ ਲਾਗੂ ਨਹੀਂ ਕੀਤਾ ਜਾ ਸਕਦਾ । ਜੇਕਰ 2011 ਵਿੱਚ ਕੋਈ ਪੱਤਰ ਵਿੱਤ ਵਿਭਾਗ ਤੋਂ ਜਾਰੀ ਹੋਣਾ ਰਹਿ ਗਿਆ ਹੈ ਤਾਂ ਇਸਦੀ ਸਜਾ ਅਧਿਆਪਕਾਂ ਨੂੰ ਨਾ ਦਵੇ , ਵਿਭਾਗੀ ਤੌਰ ਤੇ ਲੋੜੀਂਦੀ ਸੋਧ ਕਰੇ। ਮੁੜਕੇ ਲੋਕ ਸੜਕਾਂ ਤੇ ਉਤਰਦੇ ਹਨ ਜਾਂ ਅਦਾਲਤਾਂ ਦਾ ਸਹਾਰਾ ਲੈਂਦੇ ਹਨ ਤਾਂ ਨਾ ਸਿਰਫ਼ ਅਧਿਆਪਕਾਂ ਦਾ ਕੀਮਤੀ ਸਮਾਂ ਨਸ਼ਟ ਹੁੰਦਾ ਹੈ ਬਲਕਿ ਸਰਕਾਰ ਦਾ ਸਮਾਂ ਵੀ ਨਸ਼ਟ ਹੁੰਦਾ ਹੈ ਤੇ ਸ਼ਾਖ਼ ਵੀ ਧੂਮਲ ਹੁੰਦੀ ਹੈ । ਯੂਨੀਅਨ ਨੇ ਪੁਰਜ਼ੋਰ ਸ਼ਬਦਾਂ ਵਿੱਚ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਅਪੀਲ ਕੀਤੀ ਕਿ ਉਹ ਫੌਰਨ ਇਸ ਮਸਲੇ ਤੇ ਗੌਰ ਕਰਕੇ ਯੂਨੀਅਨ ਤੇ ਵਿਭਾਗੀ ਅਫਸਰਾਂ ਦੀ ਮੀਟਿੰਗ ਕਰਵਾਕੇ ਇਸ ਮਸਲੇ ਦਾ ਹੱਲ ਕਰਵਾਕੇ ਗਰਾਂਟ ਜਾਰੀ ਕਰਵਾਉਣ, ਜਿਸ ਤਰ੍ਹਾਂ ਉਹਨਾਂ ਖੁਦ ਏਡਿਡ ਸਕੂਲ ਦੇ ਲਾਇਕ ਵਿਦਿਆਰਥੀ ਹੋਣ ਦੇ ਨਾਤੇ ਆਪਣੇ ਅਧਿਆਪਕਾਂ ਦੇ ਨਾਲ ਸਾਰੇ ਭਾਈਚਾਰੇ ਨੂੰ ਛੇਵਾਂ ਪੇ ਕਮਿਸ਼ਨ ਦੇਣ ਸਬੰਧੀ ਉਹਨਾਂ ਦੇ ਕਾਨੂੰਨੀ ਹੱਕ ਨੂੰ ਦਿਵਾ ਕੇ ਯੋਗਦਾਨ ਪਾਇਆ ਹੈ । ਇਸ ਸਬੰਧੀ ਜਲਦ ਹੀ ਯੂਨੀਅਨ ਦੀ ਇਕ ਹੰਗਾਮੀ ਸਟੇਟ ਮੀਟਿੰਗ ਸੰਗਰੂਰ ਰੱਖਣ ਦਾ ਵੀ ਵਿਚਾਰ ਹੈ। ਇਸ ਮੌਕੇ ਕੋ ਕਨਵੀਨਰ ਐਡਿਟ ਮਸੀਹ, ਵਿੱਤ ਸਕੱਤਰ ਅਸੋਕ ਵਡੇਰਾ, ਪਰਮਜੀਤ ਸਿੰਘ ਗੁਰਦਾਸਪੁਰ, ਰਵਿੰਦਰਜੀਤ ਪੁਰੀ ਅਹਿਮਦਗੜ੍ਹ, ਅਸ਼ਵਨੀ ਮਦਾਨ ਪਟਿਆਲਾ, ਜਗਜੀਤ ਸਿੰਘ ਗੁਜਰਾਲ ਅੰਮ੍ਰਿਤਸਰ, ਰਣਜੀਤ ਸਿੰਘ ਅਨੰਦਪੁਰ ਸਾਹਿਬ ਤੇ ਸੁਖਇੰਦਰ ਸਿੰਘ ਹੁਸ਼ਿਆਰਪੁਰ ਆਦਿ ਹਾਜ਼ਰ ਸਨ ।

Related Post