

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਿੱਤਾ ਵੀ. ਸੀ. ਦੇ ਗਰਲਜ਼ ਹੋਸਟਲ ਅੰਦਰ ਬਣੇ ਵਿਦਿਆਰਥਣਾਂ ਦੇ ਕਮਰਿਆਂ ਵਿਚ ਬਿਨਾਂ ਮਨਜ਼ੂਰੀ ਦੇ ਦਾਖਲ ਹੋਣ ਤੇ ਵਿਸ਼ਾਲ ਰੋਸਮਈ ਧਰਨਾ ਵਾਈਸ ਚਾਂਸਲਰ ਨੂੰ ਫੌਰੀ ਕਾਰਵਾਈ ਕਰਦਿਆਂ ਤੁਰੰਤ ਅਹੁਦੇ ਲਾਂਭੇ ਕੀਤਾ ਜਾਵੇ : ਵਿਦਿਆਰਥੀ ਆਗੂ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਭਾਦਸੋਂ ਰੋਡ ਤੇ ਬਣੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (ਆਰ. ਜੀ. ਐਨ. ਯੂ. ਐਲ.) ਵਿੱਚ ਵਿਦਿਆਰਥੀਆਂ ਵਲੋਂ ਵਿਸ਼ਾਲ ਰੋਸ ਮਈ ਧਰਨਾ ਦਿੱਤਾ ਗਿਆ ਜੋ ਕਿ ਦੇਰ ਰਾਤ ਤੱਕ ਚੱਲਿਆ, ਜਿਸਦਾ ਮੁੱਖ ਕਾਰਨ ਵਿਦਿਆਰਥੀਆਂ ਦੇ ਦੱਸਣ ਮੁਤਾਬਕ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਵਲੋਂ ਗਰਲਜ਼ ਹੋਸਟਲ ਵਿੱਚ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਉਨ੍ਹਾਂ ਦੀ ਸਹਿਮਤੀ ਜਾਂ ਅਗਾਊਂ ਸੂਚਨਾ ਤੋਂ ਬਿਨਾਂ ਦਾਖਲ ਹੋਣਾ ਰਿਹਾ।ਰੋਸ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਸਪੱਸ਼ਟ ਆਖਿਆ ਕਿ ਇਸ ਵੀ. ਸੀ. ਵਲੋਂ ਕੀਤੀ ਗਈ ਇਹ ਕਾਰਵਾਈ ਪੂਰੀ ਤਰ੍ਹਾਂ ਗੈਰ ਜਿੰਮੇਦਾਰਨਾ ਹੈ ਕਿਉਂਕਿ ਵੀ. ਸੀ. ਨੂੰ ਚਾਹੀਦਾ ਸੀ ਕਿ ਉਹ ਵਿਦਿਆਰਥੀਆਂ ਦੇ ਹੋਸਟਲ ਦੀ ਚੈਕਿੰਗ ਕਰਨ ਲਈ ਉਹ ਵੀ ਖਾਸ ਤੌਰ ਤੇ ਵਿਦਿਆਰਥਣਾਂ (ਕੁੜੀਆਂ) ਦੇ ਹੋਸਟਲ ਅਤੇ ਉਨ੍ਹਾਂ ਦੇ ਕਮਰਿਆਂ ਦੀ ਚੈਕਿੰਗ ਕਰਨ ਤੋਂ ਪਹਿਲਾਂ ਅਗਾਊਂ ਸੂਚਨਾ ਦੇਣ ਅਤੇ ਮਹਿਲਾ ਸਟਾਫ ਨਾਲ ਹੀ ਅਤੇ ਵਿਦਿਆਰਥਣਾਂ ਦੀ ਸਹਿਮਤੀ ਨਾਲ ਹੀ ਚੈਕਿੰਗ ਕੀਤੀ ਜਾਵੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀ. ਸੀ. ਵਲੋਂ ਉਪਰੋਕਤ ਵਿਚੋਂ ਕੋਈ ਵੀ ਨਿਯਮ ਜਾਂ ਸਾਵਧਾਨੀ ਨਹੀਂ ਵਰਤੀ ਗਈ ਸਗੋਂ ਸਿੱਧੇ ਆਪ ਹੀ ਵਿਦਿਆਰਣਾਂ ਦੇ ਹੋਸਟਲ ਅੰਦਰ ਵੜ ਕੇ ਕਮਰਿਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਜੋ ਨਾ ਸਹਿਣਯੋਗ ਹੈ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੁੜੀਆਂ ਦੀ ਪ੍ਰਾਈਵੇਸੀ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਵੀ. ਸੀ. ਤਾਂ ਬਹੁਤ ਦੂਰ ਦੀ ਗੱਲ ਮਾਪਿਆਂ ਨੂੰ ਵੀ ਹੋਸਟਲ ਦੇ ਕਮਰਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਵਿਦਿਆਰਥੀ ਆਗੂਆਂ ਨੇ ਵੀ. ਸੀ. ਤੇ ਦੋਸ਼ ਲਗਾਇਆ ਕਿ ਵੀ. ਸੀ. ਦੇ ਵਿਦਿਆਰਥਣ ਦੇ ਹੋਸਟਲ ਅੰਦਰ ਬਣੇ ਕਮਰਿਆਂ ਅੰਦਰ ਜਾਣ ਦਾ ਉਨ੍ਹਾਂ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਵਿਦਿਆਰਥੀਆਂ ਦੇ ਵਿਰੋਧ ਦੇ ਬਾਵਜੂਦ ਵਾਈਸ ਚਾਂਸਲਰ ਉਨ੍ਹਾਂ ਦੇ ਕਮਰਿਆਂ ਵਿੱਚ ਦਾਖਲ ਹੋਏ। ਰੋਸ ਧਰਨਾ ਦੇ ਰਹੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀ. ਸੀ. ਵਲੋਂ ਸਿਰਫ਼ ਵਿਦਿਆਰਥਣਾਂ ਦੇ ਹੋਸਟਲ ਅੰਦਰ ਬਣੇ ਕਮਰਿਆਂ ਵਿਚ ਦਾਖਲ ਹੀ ਨਹੀਂ ਹੋਇਆ ਗਿਆ ਬਲਕਿ ਉਨ੍ਹਾਂ ਕੋਲੋਂ ਬੇਤੁਕੇ ਸਵਾਲ ਵੀ ਕੀਤੇ ਗਏ, ਜਿਨ੍ਹਾਂ ਵਿਚ ਤੁਸੀਂ ਸ਼ਾਰਟਸ ਕਿਊ ਪਾਈ ਹੈ ਆਦਿ ਸ਼ਾਮਲ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਜਿਹੇ ਸਵਾਲ ਸਿੱਧੇ ਸਿੱਧੇ ਉਹਨਾਂ ਦੀ ਪ੍ਰਾਈਵੇਸੀ ਤੇ ਅਧਿਕਾਰਾਂ ਦੀ ਉਲੰਘਣਾਂ ਨੂੰ ਪਾਰ ਕਰਦੇ ਹਨ। ਵਿਦਿਆਰਥੀ ਆਗੂਆਂ ਨੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਅਥਾਰਟੀ ਦੇ ਉਪਰੋਕਤ ਵਤੀਰੇ ਦੀ ਜੰਮ ਕੇ ਨਿੰਦਾ ਕੀਤੀ ਅਤੇ ਵੀ. ਸੀ. ਵਲੋਂ ਕੀਤੀ ਗਈ ਇਸ ਕਾਰਵਾਈ ਦੇ ਚਲਦਿਆਂ ਵੀ. ਸੀ. ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਸਮੁੱਚੀਆਂ ਕਾਰਵਾਈਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਵਿਦਿਆਰਥੀ ਆਗੁਆਂ ਨੇ ਕਿਹਾ ਕਿ ਯੂਨੀਵਰਸਿਟੀ ਅੰਦਰ ਪੜ੍ਹ ਅਤੇ ਰਹਿ ਰਹੇ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਤੇ ਹਾਈ ਅਥਾਰਿਟੀ ਨੂੰ ਠੋਸ ਅਤੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।