post

Jasbeer Singh

(Chief Editor)

Patiala News

ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਹੋਈ ਨਾਗਰਿਕ ਸੁਰੱਖਿਆ ਮੌਕ ਡਰਿਲ

post-img

ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਹੋਈ ਨਾਗਰਿਕ ਸੁਰੱਖਿਆ ਮੌਕ ਡਰਿਲ -ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਮਸ਼ੀਨਰੀ ਦੇ ਤਾਲਮੇਲ ਦੀ ਰਿਹਰਸਲ -ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਹੀ ਫੈਲਾਈ ਜਾਵੇ ਤੇ ਨਾ ਹੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਕੀਤਾ ਜਾਵੇ : ਡਿਪਟੀ ਕਮਿਸ਼ਨਰ -ਲੋਕ ਕਿਸੇ ਤਰ੍ਹਾਂ ਦੀ ਘਬਰਾਹਟ 'ਚ ਨਾ ਆਉਣ, ਨਾ ਹੀ ਘਰੇਲੂ ਸਾਮਾਨ ਦੀ ਖਰੀਦੋ ਫਰੋਖਤ ਲਈ ਕੋਈ ਕਾਹਲ ਦਿਖਾਉਣ : ਡਾ. ਪ੍ਰੀਤੀ ਯਾਦਵ -ਕਿਸੇ ਵੀ ਹਮਲੇ ਤੇ ਹੰਗਾਮੀ ਸਥਿਤੀ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਇਸ ਦਾ ਹੋਇਆ ਅਭਿਆਸ -ਮੌਕ ਡਰਿਲ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਏ.ਡੀ.ਸੀ ਇਸ਼ਾ ਸਿੰਗਲ, ਪੁਲਿਸ, ਫੌਜ, ਆਈ.ਟੀ.ਬੀ.ਪੀ, ਐਨ.ਸੀ.ਸੀ., ਐਨ.ਐਸ.ਐਸ, ਰੈਡ ਕਰਾਸ ਦੇ ਨੁਮਾਇੰਦੇ ਰਹੇ ਮੌਜੂਦ ਪਟਿਆਲਾ, 8 ਮਈ : ਪਟਿਆਲਾ 'ਚ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਮੁਲਾਂਕਣ ਕਰਨ ਲਈ ਸ਼ਾਮ 4 ਵਜੇ ਇਕ ਨਾਗਰਿਕ ਸੁਰੱਖਿਆ ਮੌਕ ਡਰਿੱਲ ਕੀਤੀ ਗਈ। ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਹੇਠ ਅੱਧਾ ਘੰਟਾ ਚੱਲੇ ਅਭਿਆਸ ਦੌਰਾਨ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ। ਇਸ ਤੋਂ ਇਲਾਵਾ 4 ਵਜੇ ਪਟਿਆਲਾ ਵਿਖੇ 12 ਥਾਵਾਂ ਉੱਤੇ ਸਾਇਰਨ ਵਜਾਏ ਗਏ, ਜਿਨ੍ਹਾਂ ਵਿੱਚ ਪੁਲਿਸ ਲਾਈਨ, ਰੇਲਵੇ ਵਰਕਸ਼ਾਪ ਡੀ ਐਮ ਡਬਲਿਊ, ਕੇਂਦਰੀ ਜੇਲ੍ਹ, ਫਾਇਰ ਬ੍ਰਿਗੇਡ, ਆਰਮੀ ਕੈਂਟ ਵਿਖੇ ਦੋ, ਰੇਲਵੇ ਸਟੇਸ਼ਨ, ਨਵਾਂ ਬੱਸ ਅੱਡਾ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਕਿਲ੍ਹਾ ਮੁਬਾਰਕ, ਪੀਡੀਏ ਦਫ਼ਤਰ ਅਰਬਨ ਅਸਟੇਟ, ਨਗਰ ਨਿਗਮ ਦਫ਼ਤਰ ਪਟਿਆਲਾ ਤੋਂ ਇਲਾਵਾ ਸਾਰੀਆਂ ਸਬ ਡਵੀਜ਼ਨਾਂ ਪਾਤੜਾਂ, ਰਾਜਪੁਰਾ, ਨਾਭਾ, ਸਮਾਣਾ, ਦੁਧਨਸਾਧਾਂ, ਪਾਤੜਾਂ ਵਿਖੇ ਵੀ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ। ਇਸ ਦੌਰਾਨ ਪੁਲਿਸ, ਫੌਜ, ਆਈ.ਟੀ.ਬੀ.ਪੀ, ਐਨ.ਸੀ.ਸੀ., ਐਨ.ਐਸ.ਐਸ, ਰੈਡ ਕਰਾਸ ਦੇ ਨੁਮਾਇੰਦੇ ਤੇ ਸਕੂਲ ਵਿਦਿਆਰਥੀਆਂ ਵੱਲੋਂ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਤੇ ਕੋਈ ਹੰਗਾਮੀ ਸਥਿਤੀ ਹੋ ਜਾਵੇ ਤਾਂ ਕਿਸ ਤਰ੍ਹਾਂ ਬਚਾਅ ਕਰਨਾ ਹੈ। ਇਸ ਮੌਕੇ ਹਵਾਈ ਹਮਲੇ ਤੇ ਅੱਗ ਲੱਗਣ ਦਾ ਸੀਨ ਬਣਾਇਆ ਗਿਆ ਤੇ ਬਚਾਅ ਸਬੰਧੀ ਕੀਤੀ ਕਾਰਵਾਈ ਨੂੰ ਦਰਸਾਇਆ ਗਿਆ। ਇਸ ਦੌਰਾਨ ਮਾਹਰਾਂ ਵੱਲੋਂ ਦੱਸਿਆ ਕਿ ਜੇਕਰ ਹਮਲੇ ਸਮੇਂ ਤੁਸੀਂ ਖੁੱਲ੍ਹੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਧਰਤੀ 'ਤੇ ਪੈ ਕੇ ਬਚਾਅ ਕਰਨਾ ਹੈ। ਜੇਕਰ ਬਹੁ ਮੰਜ਼ਲਾਂ ਇਮਾਰਤ ਵਿਚ ਹੋ ਤੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰੱਖਤ ਦੇ ਥੱਲੇ ਓਟ ਲਵੋ। ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ। ਇਸ ਮੌਕੇ ਹਮਲੇ ਦੌਰਾਨ ਜਖਮੀਆਂ ਦੀ ਕਿਸ ਤਰ੍ਹਾਂ ਸੰਭਾਲ ਕਰਨ ਹੈ ਤੇ ਆਰਜੀ ਹਸਪਤਾਲ ਕਿਸੇ ਤਰ੍ਹਾਂ ਬਣਾਉਣੇ ਹਨ ਤੇ ਅੱਗ ਲੱਗਣ ਦੀ ਸੂਰਤ ਵਿੱਚ ਅੱਗ ਤੋਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਤੇ ਅੱਗ ਕਿਸ ਤਰ੍ਹਾਂ ਬੁਝਾਉਣੀ ਹੈ। ਇਸ ਦੇ ਨਾਲ ਹੀ ਗੈਸ ਚੜਨ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਾਅ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੀ ਵਰਤੋਂ ਸਬੰਧੀ ਅਭਿਆਸ ਕੀਤਾ ਗਿਆ। ਇਹਨਾਂ ਸਾਰੇ ਅਭਿਆਸਾਂ ਨੂੰ ਵੱਖ ਵੱਖ ਥਾਵਾਂ ਤੇ ਹੋਈਆਂ ਇਹਨਾਂ ਰਿਹਰਸਲਾਂ ਦੌਰਾਨ ਦੁਹਰਾਇਆ ਗਿਆ। ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸ ਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਮੌਕੇ ਇਹਨਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਘਬਰਾਹਟ 'ਚ ਨਾ ਆਉਣ ਅਤੇ ਨਾ ਹੀ ਘਰੇਲੂ ਸਾਮਾਨ ਦੀ ਖਰੀਦੋ ਫਰੋਖਤ ਲਈ ਕੋਈ ਕਾਹਲ ਦਿਖਾਉਣ ਕਿਉਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਜਿਸ ਕਾਰਨ ਸਾਮਾਨ ਇਕੱਠਾ ਕਰਨਾ ਪਵੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਤੇ ਡਾਇਰੈਕੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਹ ਅਭਿਆਸ ਪਹਿਲਾਂ ਤੋਂ ਯੋਜਨਾਬੱਧ ਸੀ, ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕ ਡਰਿਲ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨੂੰ ਨਿਯੰਤਰਿਤ ਅਤੇ ਅਜਿਹੀਆਂ ਸਥਿਤੀਆਂ ਦੀ ਸੁਰੱਖਿਅਤ ਢੰਗ ਨਾਲ ਨਕਲ ਕਰਨਾ ਹੈ ਤਾਂ ਜੋ ਨਾਗਰਿਕ ਅਤੇ ਪ੍ਰਸ਼ਾਸਨ ਦੋਵੇਂ ਅਸਲ ਸੰਕਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋਣ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਹੀ ਫੈਲਾਈ ਜਾਵੇ ਤੇ ਨਾ ਹੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਐਨ.ਸੀ.ਸੀ. 10 ਪੰਜਾਬ ਦੇ ਕਮਾਂਡਿੰਗ ਅਫ਼ਸਰ ਕਰਨਲ ਅਮਿਤੇਸ਼ ਵਰਮਾ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਡੀ.ਐਸ.ਪੀ. ਨੇਹਾ ਅਗਰਵਾਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ, ਆਈ.ਟੀ.ਬੀ.ਪੀ. ਦੇ ਸੈਕਿੰਡ ਇਨ ਕਮਾਂਡ ਨਰਿੰਦਰ, ਡਿਪਟੀ ਕਮਾਂਡਰ ਬ੍ਰਿਜੇਸ਼, ਜ਼ਿਲ੍ਹਾ ਫਾਇਰ ਅਫ਼ਸਰ ਰਜਿੰਦਰ ਕੌਸ਼ਲ, ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ, ਕਾਕਾ ਰਾਮ ਵਰਮਾ ਵੀ ਮੌਜੂਦ ਸਨ।

Related Post