
ਬੋੜਾ ਖੁਰਦ ਪਿੰਡ ਵਿੱਚ ਪੰਚਾਇਤੀ ਜ਼ਮੀਨ ਵਾਖਫ਼ ਬੋਰਡ ਨੂੰ ਦੇਣ 'ਤੇ ਵਿਵਾਦ
- by Jasbeer Singh
- June 20, 2025

ਬੋੜਾ ਖੁਰਦ ਪਿੰਡ ਵਿੱਚ ਪੰਚਾਇਤੀ ਜ਼ਮੀਨ ਵਾਖਫ਼ ਬੋਰਡ ਨੂੰ ਦੇਣ 'ਤੇ ਵਿਵਾਦ ਪਿੰਡ ਵਾਸੀਆਂ ਨੇ ਕੀਤਾ ਵਿਰੋਧ ਨਭਾ 20 ਜੂਨ : ਨਾਭਾ ਹਲਕੇ ਦੇ ਪਿੰਡ ਬੋੜਾ ਖੁਰਦ ਪਿੰਡ ਵਿੱਚ ਪੰਚਾਇਤੀ ਖੇਤੀਬਾੜੀ ਜ਼ਮੀਨ ਵਾਖਫ਼ ਬੋਰਡ ਨੂੰ ਟਰਾਂਸਫਰ ਕਰਨ ਦੇ ਮਾਮਲੇ ਨੇ ਵਿਵਾਦ ਦਾ ਰੂਪ ਧਾਰ ਲਿਆ ਹੈ। ਪਿੰਡ ਵਾਸੀਆਂ ਨੇ ਇਸ ਫੈਸਲੇ ਦਾ ਭਾਰੀ ਵਿਰੋਧ ਕਰਦਿਆਂ ਆਖਿਆ ਕਿ ਇਹ ਜ਼ਮੀਨ ਸਾਲਾਂ ਤੋਂ ਪਿੰਡ ਦੀ ਆਮਦਨ ਅਤੇ ਖੇਤੀ ਲਈ ਵਰਤੀ ਜਾਂਦੀ ਸੀ । ਪਿੰਡ ਨਿਵਾਸੀਆਂ ਦਾ ਦਾਅਵਾ ਹੈ ਕਿ ਇਹ ਫੈਸਲਾ ਪੰਚਾਇਤ ਅਤੇ ਪਬਲਿਕ ਦੀ ਮਨਜ਼ੂਰੀ ਤੋਂ ਬਿਨਾਂ ਕੀਤਾ ਗਿਆ ਹੈ, ਜੋ ਕਿ ਲੋਕਤੰਤਰਕ ਦੇ ਖਿਲਾਫ ਹੈ । ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਕਿਸੇ ਧਾਰਮਿਕ ਸੰਸਥਾ ਨੂੰ ਦੇਣ ਤੋਂ ਪਹਿਲਾਂ ਪਿੰਡ ਦੀ ਸਰਵਜਨਿਕ ਮੀਟਿੰਗ ਕਰਨੀ ਲਾਜ਼ਮੀ ਸੀ, ਪਰ ਇਹ ਨਹੀਂ ਹੋਈ।ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾ ਨੇ ਕਿਹਾ ਅਸੀਂ ਇਹ ਜ਼ਮੀਨ ਕਈ ਸਾਲਾਂ ਤੋਂ ਕਿਰਾਏ 'ਤੇ ਲੈ ਕੇ ਖੇਤੀ ਕਰ ਰਹੇ ਹਾਂ। ਹੁਣ ਇਹ ਜ਼ਮੀਨ ਸਾਡੇ ਹੱਥੋਂ ਖੋਹੀ ਜਾ ਰਹੀ ਹੈ, ਜੋ ਸਾਡੀ ਰੋਜ਼ੀ-ਰੋਟੀ ਤੇ ਸਿੱਧਾ ਅਸਰ ਪਾਏਗੀ । ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ । ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜ਼ਮੀਨ ਦੀ ਟਰਾਂਸਫਰ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ ਅਤੇ ਪੂਰੀ ਜਾਂਚ ਕਰਵਾਈ ਜਾਵੇ।ਦੂਜੇ ਪਾਸੇ, ਵਾਖਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਜ਼ਮੀਨ ਸਬੰਧੀ ਟਰਾਂਸਫਰ ਕਾਨੂੰਨੀ ਤਰੀਕੇ ਨਾਲ ਹੋਇਆ ਹੈ ਅਤੇ ਜ਼ਮੀਨ ਉਨ੍ਹਾਂ ਦੇ ਰਿਕਾਰਡ ਅਨੁਸਾਰ ਉਨ੍ਹਾਂ ਦੀ ਮਲਕੀਅਤ 'ਚ ਆਉਂਦੀ ਹੈ।ਇਸ ਮਾਮਲੇ ਨੂੰ ਲੈ ਕੇ ਪਿੰਡ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ । ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਆੰਦੋਲਨ ਕੀਤਾ ਜਾਵੇਗਾ ।