
ਪਟਿਆਲਾ ਪੁਲਸ ਅਤੇ ਰੇਲਵੇ ਪੁਲਸ ਨੇ ਸਟੇਸ਼ਨ ਵਿਖੇ ਚਲਾਇਆ ਕਈ ਘੰਟੇ ਸਰਚ ਅਪ੍ਰੇਸ਼ਨ
- by Jasbeer Singh
- April 2, 2024

ਪਟਿਆਲਾ, 2 ਅਪ੍ਰੈਲ (ਜਸਬੀਰ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ਨੇ ਰੇਲਵੇ ਪੁਲਸ ਨਾਲ ਮਿਲ ਕੇ ਜੁਆਇੰਟ ਸਰਚ ਅਪ੍ਰੇਸ਼ਨ ਕੀਤਾ। ਪਟਿਆਲਾ ਪੁਲਸ ਵਲੋਂ ਐਸ. ਪੀ. ਜਸਵੀਰ ਸਿੰਘ, ਡੀ. ਐਸ. ਪੀ. ਸਿਟੀ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਪੁਲਸ ਪਹੁੰਚੀ ਹੋਈ ਸੀ। ਪੁਲਸ ਨੇ ਰੇਲਵੇ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਨਾਲ ਮਿਲ ਕੇ ਵੱਖ-ਵੱਖ ਟੀਮਾਂ ਬਣਾਈਆਂ ਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਚੈਕਿੰਗ ਸ਼ੁਰੂ ਕੀਤੀ। ਪੁਲਸ ਨੇ ਆਉਣ ਜਾਣ ਵਾਲੇ ਯਾਤਰੂਆਂ ਤੋਂ ਇਲਾਵਾ ਜਿਹੜੀਆਂ ਸੰਵੇਦਨਸ਼ੀਲ ਥਾਵਾਂ ’ਤੇ ਸਨ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ’ਚ ਡਾਗ ਸਕੁਆਡ ਅਤੇ ਮੈਟਲ ਡਿਟੈਕਟਰ ਵੀ ਸ਼ਾਮਲ ਸੀ। ਪੁਲਸ ਵਲੋਂ ਲਗਾਤਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਕ ਥਾਵਾਂ ਦੀ ਸਰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ’ਚ ਵਿਸ਼ਵਾਸ ਪੈਦਾ ਕਰਨ ਲਈ ਪੁਲਸ ਲਗਾਤਾਰ ਫਲੈਗ ਮਾਰਚ ਵੀ ਕਰ ਰਹੀ ਹੈ ਤਾਂ ਕਿ ਲੋਕਾਂ ’ਚ ਸੁਰੱਖਿਆ ਸਬੰਧੀ ਵਿਸ਼ਵਾਸ ਪੈਦਾ ਹੋਵੇ ਅਤੇ ਉਹ ਆਪਣੀ ਵੋਟ ਦਾ ਬਿਨਾਂ ਕਿਸੇ ਡਰ ਭੈਅ ਦੇ ਇਸਤੇਮਾਲ ਕਰ ਸਕਣ। ਪਟਿਆਲਾ ਪੁਲਸ ਵਲੋਂ ਆਮ ਦਿਨਾਂ ਦੀ ਤੁਲਨਾ ਵਿਚ ਚੈਕਿੰਗ ਵੀ ਕਾਫੀ ਵਧਾ ਦਿੱਤੀ ਗਈ ਹੈ ਤੇ ਇਥੇ ਸਰਚ ਅਪ੍ਰੇਸ਼ਨ ਦੌਰਾਨ ਡੀ. ਐਸ. ਪੀ. ਸੰਜੀਵ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲਗਾਤਾਰ ਸਰਚ ਅਪ੍ਰੇਸ਼ਨ ਜਾਰੀ ਰਹਿਣਗੇ ਤਾਂ ਕਿ ਕੋਈ ਵੀ ਗੈਰ ਸਮਾਜਿਕ ਅਨਸਰ ਗੈਰ ਕਾਨੂੰਨੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕੇ। ਡੀ. ਐਸ. ਪੀ. ਸਿੰਗਲਾ ਨੇ ਕਿਹਾ ਕਿ ਪਟਿਆਲਾ ਪੁਲਸ ਵਲੋਂ ਹੁਣੇ ਤੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਹਰੇਕ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਫਿਰ ਤੋਂ ਵਿਸ਼ੇਸ਼ ਤੌਰ ’ਤੇ ਜਿਹੜੇ ਅਸਲਾ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾ ਨਹੀਂ ਕਰਵਾਏ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਤੋਂ ਬਾਹਰ ਹੋ ਕੇ ਆਪਣੇ ਹਥਿਆਰ ਜਮ੍ਹਾ ਨਹੀਂ ਕਰਵਾਏਗਾ ਦੇ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਐਸ. ਪੀ. ਸਿੰਗਲਾ ਨੇ ਕਿਹਾ ਕਿ ਪਟਿਆਲਾ ਪੁਲਸ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ਤੇ ਇਸ ਲਈ ਲਗਾਤਾਰ ਚੈਕਿੰਗ ਜਾਰੀ ਹੈ।