post

Jasbeer Singh

(Chief Editor)

Latest update

ਮਾਲਵਾ ਵਿੱਚ ਲੂ ਕਾਰਨ ਫ਼ਸਲਾਂ ਝੁਲਸੀਆਂ

post-img

ਮਾਲਵੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਦਿਨੇ ਵਗਦੀ ‘ਲੂ’ ਨੇ ਅੱਜ ਸਮੁੱਚੀ ਫ਼ਿਜ਼ਾ ਨੂੰ ਝੁਲਸਾਈ ਰੱਖਿਆ। ਅੱਜ ਬਠਿੰਡਾ ’ਚ ਦਿਨ ਵੇਲੇ ਪਾਰਾ 45.2 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਇਸੇ ਤਰ੍ਹਾਂ ਅੱਜ ਬਰਨਾਲਾ ’ਚ ਦਿਨ ਦਾ ਤਾਪਮਾਨ 43.0, ਫ਼ਰੀਦਕੋਟ ’ਚ 44.3, ਫ਼ਿਰੋਜ਼ਪੁਰ ’ਚ 42.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ’ਚ ਗਰਮੀ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਦੇ ਜਾਣਕਾਰਾਂ ਅਨੁਸਾਰ ਗਰਮੀ ਦੇ ਚੱਲ ਦੌਰ ’ਚ ਜਲਦੀ ਕਿਸੇ ਤਬਦੀਲੀ ਦੇ ਆਸਾਰ ਨਹੀਂ, ਮਈ ਦੇ ਅੰਤ ਤੱਕ ਇਹ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਹਨੇਰੀ ਦੇ ਆਸਾਰ ਬਣ ਸਕਦੇ ਹਨ, ਪਰ ਮੀਂਹ ਦਾ ਅਜੇ ਤੱਕ ਕਿਧਰੇ ਨਾਮੋ-ਨਿਸ਼ਾਨ ਨਹੀਂ ਹੈ। ਮਾਹਿਰਾਂ ਵੱਲੋਂ ਅਤਿ ਦੀ ਪੈ ਰਹੀ ਗਰਮੀ ਦਾ ਹਾਂ-ਪੱਖੀ ਪਹਿਲੂ ਇਹ ਦੱਸਿਆ ਜਾ ਰਿਹਾ ਹੈ ਕਿ ਜਿੰਨੇ ਜ਼ੋਰ ਦੀ ਗਰਮੀ ਪਵੇਗੀ, ਓਨੀ ਜਲਦੀ ਅਤੇ ਮਜ਼ਬੂਤ ਮੌਨਸੂਨ ਰਹੇਗੀ। ਪਿਛਲੇ ਕੁੱਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈਣ ਤੇ ਗਰਮ ਹਵਾਵਾਂ ਚੱਲਣ ਦਰਮਿਆਨ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਲੂ ਤੋਂ ਬਚਣ ਦੇ ਲਈ ਸਾਵਧਾਨੀਆਂ ਵਰਤਣ। ਤਾਕੀਦੀ ਕੀਤੀ ਗਈ ਹੈ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ’ਚ ਪਾਣੀ ਪੀਤਾ ਜਾਵੇ। ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ। ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓਆਰਐੱਸ ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਅਤੇ ਦੁਪਹਿਰ ਦੇ ਵੇਲੇ ਘਰ ਤੋਂ ਬਾਹਰ, ਬਹੁਤ ਜ਼ਿਆਦਾ ਜ਼ਰੂਰੀ ਕੰਮ ਹੋਣ ’ਤੇ ਹੀ ਨਿਕਲਿਆ ਜਾਵੇ। ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਅਤੇ ਬਾਜ਼ਾਰ ਦੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ, ਕੂਲਰ ਜਾਂ ਏਸੀ ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿੱਕਲਿਆ ਜਾਵੇ। ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੂ ਲੱਗਣ ਨਾਲ ਸਰੀਰ ਨੂੰ ਬੇਚੈਨੀ ਅਤੇ ਘਬਰਾਹਟ ਹੋ ਸਕਦੀ ਹੈ ਅਤੇ ਜ਼ਿਆਦਾ ਸਮਾਂ ਧੁੱਪ ਵਿੱਚ ਰਹਿਣ ਨਾਲ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿਚ ਮੁਸ਼ਕਿਲ ਆਉਣੀ, ਚਿੜਚਿੜਾਪਣ, ਜ਼ੁਬਾਨ ਦਾ ਲੜਖੜਾਉਣਾ, ਤੁਰਨ ਸਮੇਂ ਲੜਖੜਾਉਣਾ ਅਤੇ ਦੌਰਾ ਪੈਣਾ ਆਦਿ ਹੋ ਸਕਦੇ ਹਨ। ਲੂ ਲੱਗਣ ਦੇ ਲੱਛਣ ਨਜ਼ਰ ਆਉਣ ’ਤੇ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਉਸ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ, ਪੀਣ ਲਈ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ ਅਤੇ ਤੁਰੰਤ ਡਾਕਟਰ ਤੋਂ ਚੈੱਕਅੱਪ ਕਰਵਾ ਕੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਆਪ ਮੁਹਾਰੇ ਦਵਾਈਆਂ ਦੀ ਵਰਤੋਂ ਨਾ ਕੀਤਾ ਜਾਵੇ। ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਪੱਟੀ ਵਿਚ ਤਪਸ਼ ਕਾਰਨ ਨਰਮੇ ਦੀ ਫ਼ਸਲ ਝੁਲਸਣ ਲੱਗੀ ਹੈ। ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਤਾਪਮਾਨ ਵਿਚਲੀ ਇਹ ਬੜਤ ਲਗਾਤਾਰ ਇਉਂ ਹੀ ਜਾਰੀ ਰਹੀ ਤਾਂ ਮਾਲਵਾ ਪੱਟੀ ਦੇ ਰੇਤਲੇ ਖੇਤਰ ’ਚੋਂ ਹਜ਼ਾਰਾਂ ਏਕੜ ਨਰਮੇ ਦੀ ਨਿੱਕੀ ਫ਼ਸਲ ਨੇ ਖੇਤਾਂ ਨੂੰ ਖਾਲੀ ਕਰ ਦੇਣਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਤਪਦੇ ਹੋਏ ਤਾਪਮਾਨ ਕਾਰਨ ਨਰਮੇ ਦੀ ਨਿੱਕੀ ਫ਼ਸਲ ਦਾ ਨੁਕਸਾਨ ਹੋਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਭਰਵੀਂ ਰੌਣੀ ਕਰਕੇ ਨਰਮਾ ਬੀਜਣ ਦੀ ਸਲਾਹ ਦਿੱਤੀ ਗਈ ਸੀ ਅਤੇ ਕਿਸਾਨਾਂ ਨੂੰ ਡੂੰਘੇ ਹਲਾਂ ਨਾਲ ਜ਼ਮੀਨ ਵਾਹਕੇ ਪਾਣੀ ਦੇਣ ਲਈ ਪ੍ਰੇਰਿਆ ਗਿਆ ਸੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਮਈ ਮਹੀਨੇ ਦੀ ਗਰਮੀ ਨਾਲ ਪਾਰਾ 45 ਡਿਗਰੀ ਤੋਂ ਪਾਰ ਹੋ ਗਿਆ ਹੈ, ਜਿਸ ਕਾਰਨ ਸਬਜ਼ੀਆਂ, ਹਰੇ-ਚਾਰੇ ਦੇ ਨਾਲ ਨਰਮੇ ਦੀ ਫ਼ਸਲ ਸੁੱਕਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਭਾਵੇਂ ਪਾਣੀ ਲੋੜ ਅਨੁਸਾਰ ਸਮੇਂ ’ਤੇ ਲਾ ਰਹੇ ਹਾਂ, ਪਰ ਗਰਮੀ ਦੇ ਵਧਣ ਕਾਰਨ ਫ਼ਸਲਾਂ ਨੂੰ ਪਾਣੀ ਲਾਉਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕੁਝ ਕੁ ਦਿਨ ਗਰਮੀ ਦੇ ਵਧਣ ਨਾਲ ਪਾਰਾ ਹੋਰ ਵੱਧਦਾ ਗਿਆ ਤਾਂ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੇ ਪੱਕੇ ਤੌਰ ’ਤੇ ਛੁੱਟੀ ਕਰ ਜਾਣੀ ਹੈ।

Related Post