
ਲਹਿਰਾਗਾਗਾ 'ਚ ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਵਿਅਕਤੀ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ
- by Jasbeer Singh
- July 14, 2024

ਲਹਿਰਾਗਾਗਾ 'ਚ ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਵਿਅਕਤੀ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ ਲਹਿਰਾਗਾਗਾ: ਇਥੋਂ ਨੇੜਲੇ ਪਿੰਡ ਖੰਡੇਬਦ ਵਿਖੇ ਇੱਕ ਮਜ਼ਦੂਰ ਦੀ ਖੇਤ ਵਿੱਚ ਝੋਨਾ ਲਾਉਣ ਸਮੇਂ ਜ਼ਹਿਰੀਲਾ ਸੱਪ ਲੜਨ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਸਾਧੂ ਸਿੰਘ ਜੋ ਪ੍ਰਜਾਪਤ ਬਰਾਦਰੀ ਨਾਲ ਸਬੰਧ ਰੱਖਦਾ ਸੀ, ਪਿੰਡ ਖੰਡੇਬਦ ਦੇ ਹੀ ਇੱਕ ਕਿਸਾਨ ਦੇ ਖੇਤ ਵਿੱਚ ਝੋਨਾ ਲਾਉਣ ਸਮੇਂ ਉਸਦੇ ਸੱਪ ਲੜ ਗਿਆ।ਜਿਸ ਕਾਰਨ ਉਸਨੂੰ ਪਹਿਲਾਂ ਬਡਰੁੱਖਾਂ ਅਤੇ ਫਿਰ ਮੂਨਕ ਲਿਜਾਇਆ ਗਿਆ, ਜਿੱਥੇ ਕੱਲ੍ਹ ਸ਼ਾਮ ਨੂੰ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਹ ਆਪਣੇ ਪਿੱਛੇ ਇੱਕ ਗੂੰਗੀ ਬਹਿਰੀ ਪਤਨੀ ਅਤੇ ਇੱਕ ਪੰਜਵੀਂ ਕਲਾਸ ਵਿੱਚ ਪੜ੍ਹਦਾ ਮੁੰਡਾ ਛੱਡ ਗਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹਨਾਂ ਕੋਲ ਪੇਟ ਪਾਲਣ ਲਈ ਹੁਣ ਕੋਈ ਸਾਧਨ ਨਹੀਂ ਰਹਿ ਗਿਆ। ਇਸ ਲਈ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ, ਸਾਬਕਾ ਪੰਚ ਬਲਜਿੰਦਰ ਸਿੰਘ, ਮੈਂਬਰ ਬਲਵਿੰਦਰ ਸਿੰਘ, ਸਾਬਕਾ ਪੰਚ ਚਾਨਣ ਸਿੰਘ ਸਮੇਤ ਹੋਰ ਵੀ ਮੋਹਤਬਰ ਵਿਅਕਤੀਆਂ ਨੇ ਸਰਕਾਰ ਕੋਲੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਇਸਦੀ ਗੂੰਗੀ ਬਹਿਰੀ ਪਤਨੀ ਆਪਣੇ ਛੋਟੇ ਬੱਚੇ ਨੂੰ ਪੜ੍ਹਾ ਸਕੇ ਅਤੇ ਆਪਣੇ ਪਰਿਵਾਰ ਦਾ ਪੇਟ ਵੀ ਪਾਲ ਸਕੇ।