ਦੀਪਤੀ ਦੀ ਮਾਂ ਨੇ ਲਗਾਏ ਗਰਭਵਤੀ ਧੀ ਨੂੰ ਘੜੀਸਣ ਅਤੇ ਕੁੱਟਣ ਦੇ ਦੋਸ਼
- by Jasbeer Singh
- December 1, 2025
ਦੀਪਤੀ ਦੀ ਮਾਂ ਨੇ ਲਗਾਏ ਗਰਭਵਤੀ ਧੀ ਨੂੰ ਘੜੀਸਣ ਅਤੇ ਕੁੱਟਣ ਦੇ ਦੋਸ਼ ਨਵੀਂ ਦਿੱਲੀ, 1 ਦਸੰਬਰ 2025 : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਮਸ਼ਹੂਰ ਪਾਨ ਮਸਾਲਾ ਕਾਰੋਬਾਰੀ ਦੀ 38 ਸਾਲਾ ਨੂੰਹ ਦੀਪਤੀ ਚੌਰਸੀਆ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਅਰਪਿਤ ਅਤੇ ਸਹੁਰਿਆਂ `ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਤੀ ਦੀ ਮਾਂ ਸ਼ਾਰਦਾ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸ਼ਾਰਦਾ ਨੇ ਆਪਣੇ ਜਵਾਈ ਅਰਪਿਤ `ਤੇ ਕਈ ਗੰਭੀਰ ਦੋਸ਼ ਲਗਾਏ ਹਨ । ਸ਼ਾਰਦਾ ਨੇ ਲਗਾਏ ਜਵਾਈ ਤੇ ਧੀ ਦੀ ਸੱਸ ਤੇ ਗੰਭੀਰ ਦੋਸ਼ ਸ਼ਾਰਦਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਸੰਤ ਕੁੰਜ ਵਿਚ ਰਹਿੰਦੀ ਹੈ। ਉਸ ਦੇ 2 ਪੁੱਤਰ ਅਤੇ 1 ਧੀ ਹੈ। ਉਸ ਨੇ ਆਪਣੀ ਧੀ ਦੀਪਤੀ ਦਾ ਵਿਆਹ 2 ਦਸੰਬਰ 2010 ਨੂੰ ਅਰਪਿਤ ਚੌਰਸੀਆ ਨਾਲ ਕੀਤਾ ਸੀ । ਸ਼ਾਰਦਾ ਦਾ ਦੋਸ਼ ਹੈ ਕਿ ਫਰਵਰੀ ਅਤੇ ਮਾਰਚ 2011 ਵਿਚ ਅਰਪਿਤ ਅਤੇ ਉਸ ਦੀ ਮਾਂ ਨੇ ਉਸ ਦੀ ਧੀ ਨੂੰ ਪਹਿਲੀ ਮੰਜਿ਼ਲ ਤੋਂ ਹੇਠਾਂ ਖਿੱਚ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਉਸ ਸਮੇਂ ਦੀਪਤੀ ਗਰਭਵਤੀ ਸੀ । ਅਰਪਿਤ ਦੇ ਪਰਿਵਾਰ ਨੇ ਇਸ ਮਾਮਲੇ ਵਿਚ ਮੁਆਫੀ ਵੀ ਮੰਗ ਲਈ । ਸ਼ੁੱਕਰਵਾਰ ਨੂੰ ਦੀਪਤੀ ਚੌਰਸੀਆ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ `ਤੇ ਦਿੱਲੀ ਪੁਲਸ ਨੇ ਪਾਨ ਮਸਾਲਾ ਕੰਪਨੀ ਦੇ ਮਾਲਕ ਕਮਲ ਕਿਸ਼ੋਰ ਚੌਰਸੀਆ ਦੀ ਨੂੰਹ ਦੀਪਤੀ ਦੇ ਪਤੀ ਅਤੇ ਸੱਸ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਸੀ। ਪੁਲਸ ਦੇ ਅਨੁਸਾਰ ਦੀਪਤੀ ਮੰਗਲਵਾਰ ਦੁਪਹਿਰ ਨੂੰ ਉਸ ਦੇ ਵਸੰਤ ਵਿਹਾਰ ਇਲਾਕੇ ਵਾਲੇ ਘਰ ਦੇ ਇਕ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ।
