ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ
- by Jasbeer Singh
- December 18, 2025
ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ ਚੰਡੀਗੜ੍ਹ, 18 ਦਸੰਬਰ : ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ `ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਚੰਡੀਗੜ੍ਹ ਪੁਲਸ ਫੜਨ ਵਿਚ ਅਸਫਲ ਰਹੀ । ਦਿੱਲੀ ਪੁਲਸ ਨੇ ਅਖੀਰਕਾਰ ਫੜ ਲਿਆ ਸ਼ੂਟਰਾਂ ਨੂੰ ਪਿਛਲੇ 15 ਦਿਨਾਂ ਤੋਂ ਜਿ਼ਲਾ ਅਪਰਾਧ ਸੈੱਲ, ਕ੍ਰਾਈਮ ਬ੍ਰਾਂਚ ਅਤੇ ਸੈਕਟਰ-26 ਥਾਣਾ ਪੁਲਸ ਪੰਜਾਬ ਵਿਚ ਸ਼ੂਟਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ ਪਰ ਸ਼ੂਟਰਾਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਫੜ ਲਿਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੈਰੀ ਕਤਲ ਮਾਮਲੇ `ਚ 2 ਸ਼ੂਟਰਾਂ ਤੇ ਗੱਡੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੀਯੂਸ਼ ਪਿਪਲਾਨੀ, ਅੰਕੁਸ਼ ਸੋਲੰਕੀ ਤੇ ਕੁੰਵਰਬੀਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ 4 ਪਿਸਤੌਲ ਤੇ ਵੱਡੀ ਮਾਤਰਾ `ਚ ਕਾਰਤੂਸ ਬਰਾਮਦ ਕੀਤੇ ਗਏ ਹਨ। ਪਿਯੂਸ਼ ਪਿਪਲਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੈਰੀ ਦਾ ਕਤਲ ਕਰਨ ਲਈ ਕਿਸ ਨੇ ਸੀ ਆਖਿਆ ਪਿਯੁਸ਼ ਪਿਪਲਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਲਈ ਹੈਰੀ ਬਾਕਸਰ ਨੇ ਕਿਹਾ ਸੀ। ਪੈਰੀ ਦਾ ਕਤਲ ਉਸ ਨੇ ਅਤੇ ਅੰਕੁਸ਼ ਸੋਲੰਕੀ ਨੇ 1 ਦਸੰਬਰ ਨੂੰ ਗੋਲੀ ਮਾਰ ਕੇ ਕੀਤਾ, ਜਦਕਿ ਕੁੰਵਰਬੀਰ ਸਿੰਘ ਕਰੇਟਾ ਕਾਰ ਵਿਚ ਮੌਜੂਦ ਸੀ। ਕਤਲ ਤੋਂ ਬਾਅਦ ਕੁੰਵਰਬੀਰ ਸਿੰਘ ਹੀ ਉਨ੍ਹਾਂ ਨੂੰ ਟਿੰਬਰ ਮਾਰਕੀਟ ਤੋਂ ਪੰਚਕੂਲਾ ਲੈ ਕੇ ਗਿਆ ਸੀ। ਸੈਕਟਰ-26 ਥਾਣਾ ਪੁਲਸ ਨੇ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹੈਰੀ ਬਾਕਸਰ ਨੇ ਲਈ ਸੀ। ਜ਼ਿਲਾ ਅਪਰਾਧ ਸ਼ਾਖਾ ਨੇਂ ਕਰੇਟਾ ਕਾਰ ਮੁਹੱਈਆ ਕਰਵਾਉਣ ਵਾਲੇ ਖਰੜ ਵਾਸੀ ਰਾਹੁਲ ਤੇ ਹਥਿਆਰ ਅਤੇ ਪਨਾਹ ਦੇਣ ਵਾਲੇ ਲੁਧਿਆਣਾ ਵਾਸੀ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਸੀ। ਸਪੈਸ਼ਲ ਸੈਲ ਨੂੰ ਮਿਲੀ ਸੀ ਖੂਫੀਆ ਜਾਣਕਾਰੀ ਸਪੈਸ਼ਲ ਸੈੱਲ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਕਤਲ ਕੇਸ ਦਾ ਇਕ ਮੁਲਜ਼ਮ ਦਿੱਲੀ ਦੇ ਪਹਾੜਗੰਜ ਇਲਾਕੇ `ਚ ਲੁਕਿਆ ਹੋਇਆ ਹੈ। ਡੇਟਾ ਤੇ ਮੋਬਾਈਲ ਲੋਕੇਸ਼ਨ ਟਰੈਕ ਕਰਨ ਤੋਂ ਬਾਅਦ ਪੁਲਸ ਨੇ ਦੋ ਪੜਾਵਾਂ `ਚ ਆਪ੍ਰੇਸ਼ਨ ਚਲਾਇਆ। ਪੁਲਸ ਨੇ ਰਿੰਗ ਰੋਡ (ਸ਼ਾਂਤੀ ਵੈਨ) ਨੇੜੇ ਘੇਰਾਬੰਦੀ ਕਰ ਕੇ ਕੁੰਵਰਬੀਰ, ਲਵਪ੍ਰੀਤ ਤੇ ਕਪਿਲ ਖੱਤਰੀ ਨੂੰ ਗਿ੍ਫ਼ਤਾਰ ਕੀਤਾ ਗਿਆ । ਪੁੱਛਗਿੱਛ ਦੌਰਾਨ ਪਤਾ ਲੱਗਾ ਕਿ 2 ਹੋਰ ਸ਼ੂਟਰ ਦਿੱਲੀ ਆ ਰਹੇ ਹਨ। ਇਸ ਤੋਂ ਬਾਅਦ ਸਰਾਏ ਕਾਲੇ ਖਾਂ ਬੱਸ ਸਟੈਂਡ `ਤੇ ਜਾਲ ਵਿਛਾਇਆ ਅਤੇ ਪੀਯੂਸ਼ ਪਿਪਲਾਨੀ ਅਤੇ ਅੰਕੁਸ਼ ਸੋਲੰਕੀ ਨੂੰ ਕਾਬੂ ਕੀਤਾ ਗਿਆ । ਪੁਲਸ ਨੇ ਉਨ੍ਹਾਂ ਤੋਂ 4 ਪਿਸਤੌਲ ਤੇ ਵੱਡੀ ਮਾਤਰਾ `ਚ ਕਾਰਤੂਸ ਬਰਾਮਦ ਕੀਤੇ।
