

ਡਿਪਟੀ ਕਮਿਸ਼ਨਰ ਵੱਲੋਂ ਡਰਾਇਵਿੰਗ ਟਰੈਕ ਦਾ ਅਚਨਚੇਤ ਨਿਰੀਖਣ -ਲਾਇਸੈਂਸ ਬਣਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ -ਆਰ. ਟੀ. ਓ. ਨੂੰ ਨਿਰਦੇਸ਼, ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਬਣਵਾਉਣ 'ਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ : ਡਾ. ਪ੍ਰੀਤੀ ਯਾਦਵ -ਡਰਾਇਵਿੰਗ ਲਾਇਸੈਂਸ ਬਣਵਾਉਣ ਸਮੇਂ ਲੋਕਾਂ ਤੇ ਸਰਕਾਰੀ ਦਫ਼ਤਰ ਦਰਮਿਆਨ ਕੋਈ ਏਜੰਟ ਨਾ ਆਵੇ : ਡਿਪਟੀ ਕਮਿਸ਼ਨਰ ਪਟਿਆਲਾ, 31 ਜਨਵਰੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਇੱਥੇ ਨਾਭਾ ਰੋਡ 'ਤੇ ਸਥਿਤ ਡਰਾਇਵਿੰਗ ਟਰੈਕ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਇੱਥੇ ਆਪਣੇ ਲਾਇਸੈਂਸ ਬਣਵਾਉਣ ਤੇ ਡਰਾਇਵਿੰਗ ਟੈਸਟ ਦੇਣ ਆਏ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਹਾਸਲ ਕੀਤੀ । ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਬਣਵਾਉਣ ਦੀਆਂ ਸੇਵਾਵਾਂ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕੀਤੀਆਂ ਜਾਣ । ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਏਜੰਟਾਂ ਦੀ ਕੋਈ ਥਾਂ ਨਹੀਂ ਇਸ ਲਈ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਡਰਾਇਵਿੰਗ ਲਾਇਸੈਂਸ ਬਣਵਾਉਣ ਸਮੇਂ ਕੋਈ ਏਜੰਟ ਲੋਕਾਂ ਤੇ ਸਰਕਾਰੀ ਦਫ਼ਤਰਾਂ ਦੇ ਦਰਮਿਆਨ ਨਾ ਆਵੇ । ਡਿਪਟੀ ਕਮਿਸ਼ਨਰ ਨੇ ਡਰਾਇਵਿੰਗ ਟਰੈਕ ਵਿਖੇ ਲੋਕਾਂ ਵੱਲੋਂ ਆਪਣੀ ਵਾਰੀ ਦੀ ਉਡੀਕ ਲਈ ਉਨ੍ਹਾਂ ਦੇ ਬੈਠਣ ਵਾਸਤੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਬਿਲਡਿੰਗ ਵਿੱਚ ਲੋਕਾਂ ਲਈ ਪੀਣ ਵਾਲੇ ਪਾਣੀ ਦੇ ਨਾਲ-ਨਾਲ ਬਾਥਰੂਮਜ ਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਡਰਾਇਵਿੰਗ ਟਰੈਕ, ਕਿਉਂਕਿ ਲੋਕਾਂ ਦੇ ਡਰਾਇਵਿੰਗ ਲਾਇਸੈਂਸਾਂ ਲਈ ਟੈਸਟ ਦੇਣ ਦੀ ਜਗ੍ਹਾ ਹੈ, ਇਥੇ ਲੋਕਾਂ ਦੀ ਸਹੂਲਤ ਲਈ ਕੁਝ ਹੋਰ ਜਰੂਰੀ ਤੇ ਲੋੜੀਂਦੇ ਪ੍ਰਬੰਧ ਕਰਨ ਸਮੇਤ ਇਸ ਇਮਾਰਤ ਦੀ ਜਰੂਰੀ ਮੁਰੰਮਤ ਲਈ ਸਰਕਾਰ ਨੂੰ ਲਿਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਤਰਜੀਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਹਾਸਲ ਹੋਣ, ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।