
ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਵੰਡਣ ਲਈ ਸਖ਼ਤ ਨਿਰਦੇਸ਼
- by Jasbeer Singh
- September 12, 2025

ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਵੰਡਣ ਲਈ ਸਖ਼ਤ ਨਿਰਦੇਸ਼ ਮੰਡੀਆਂ 'ਚ ਝੋਨੇ ਦੀ ਤੁਰੰਤ ਖਰੀਦ ਲਈ ਸੁੱਕਾ ਝੋਨਾ ਹੀ ਵੇਚਣ ਲਈ ਲਿਆਉਣ ਦੀ ਅਪੀਲ -ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਿਸਾਨ ਵੀਰ : ਡਾ. ਪ੍ਰੀਤੀ ਯਾਦਵ ਪਟਿਆਲਾ, 12 ਸਤੰਬਰ 2025 : ਪਟਿਆਲਾ ਦੇ ਡਿਪਟੀ ਡਾ. ਪ੍ਰੀਤੀ ਯਾਦਵ ਨੇ ਸਮੂਹ ਐਸ. ਡੀ. ਐਮਜ. ਤੇ ਮਾਲ ਅਧਿਕਾਰੀਆਂ ਨੂੰ ਜ਼ਿਲ੍ਹੇ 'ਚ ਹੜ੍ਹਾਂ ਤੇ ਭਾਰੀ ਬਰਸਾਤ ਕਰਕੇ ਹੋਏ ਨੁਕਸਾਨ ਦਾ ਮੁਆਵਜਾ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਪੀੜਤਾਂ ਨੂੰ ਤੁਰੰਤ ਪ੍ਰਦਾਨ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ । ਹੜ੍ਹਾਂ ਤੇ ਮੀਂਹ ਪੈਣ ਕਰਕੇ ਜ਼ਿਆਦਾ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕੇਵਲ ਸੁੱਕਾ ਝੋਨਾ ਹੀ ਮੰਡੀਆਂ 'ਚ ਲਿਆਉਣ ਲਈ ਵੀ ਪ੍ਰੇਰਤ ਕੀਤਾ ਜਾਵੇ । ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਆਪਣੀ ਜਿਣਸ ਦੀ ਤੁਰੰਤ ਖਰੀਦ ਲਈ ਕੇਵਲ ਸੁੱਕਾ ਝੋਨਾ ਹੀ ਮੰਡੀਆਂ 'ਚ ਲਿਆਉ ਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਕੰਬਾਇਨਾਂ ਵੱਲੋਂ ਝੋਨੇ ਦੀ ਕਟਾਈ ਕੇਵਲ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਣੀ ਹੈ ਤਾਂ ਕਿ ਰਾਤ ਸਮੇਂ ਤਰੇਲ ਪੈਣ ਕਰਕੇ ਝੋਨਾ ਗਿੱਲਾ ਨਾ ਹੋਵੇ ਅਤੇ ਅਜਿਹਾ ਗਿੱਲਾ ਝੋਨਾ ਮੰਡੀਆਂ 'ਚ ਨਾ ਪੁੱਜੇ, ਜਿਸ ਨਾਲ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ । ਡਾ. ਪ੍ਰੀਤੀ ਯਾਦਵ ਨੇ ਵਾਤਾਵਰਣ ਬਚਾਉਣ ਤੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਸਮੇਤ ਜੀਵ-ਜੰਤੂਆਂ ਤੇ ਮਨੁੱਖੀ ਸਿਹਤ ਦਾ ਹਵਾਲਾ ਦਿੰਦਿਆਂ ਕਿਸਾਨਾਂ ਵੀਰਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਚਣ ਦਾ ਵੀ ਸੱਦਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪਰਾਲੀ ਨੂੰ ਵਾਤਾਵਰਨ ਢੰਗਾਂ ਨਾਲ ਟਿਕਾਣੇ ਲਗਾਉਣ ਲਈ ਮਸ਼ੀਨਾਂ ਤੇ ਬੇਲਰ ਉਪਲਬੱਧ ਹਨ ਜਿਸ ਲਈ ਇਸ ਵਾਰ ਪਟਿਆਲਾ ਜ਼ਿਲ੍ਹੇ ਵਿੱਚ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਮੁਤਾਬਕ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੀੜਤਾਂ ਨੂੰ ਮੁਆਵਜਾ ਤੇ ਨੁਕਸਾਨੀ ਫ਼ਸਲ ਦੀ ਮੁਆਵਜਾ ਰਾਸ਼ੀ ਪ੍ਰਭਵਿਤ ਲੋਕਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ, ਜਿਸ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਸਮੂਹ ਵਿਭਾਗ ਆਪਸੀ ਤਾਲਮੇਲ ਨਾਲ ਇਨ੍ਹਾਂ ਹੜ੍ਹਾਂ ਤੋਂ ਉਭਰਨ ਲਈ ਇੱਕਜੁੱਟ ਹੋਕੇ ਹੰਭਲਾ ਮਾਰਨ ਤਾਂ ਕਿ ਪੀੜਤਾਂ ਨੂੰ ਤੁਰੰਤ ਮਦਦ ਪਹੁੰਚਾਈ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੜ੍ਹ ਕਰਕੇ ਨੁਕਸਾਨੀਆਂ ਸੜਕਾਂ ਤੇ ਪੁੱਲਾਂ ਦੀ ਤੁਰੰਤ ਮੁਰੰਮਤ ਕਰਨ ਸਮੇਤ ਸਾਰੀਆਂ ਸੜਕਾਂ ਦੇ ਸਾਰੇ ਪੁੱਲਾਂ ਦੇ ਬੁਨਿਆਦੀ ਢਾਂਚੇ ਦਾ ਨਿਰੀਖਣ ਕਰਕੇ ਇਨ੍ਹਾਂ ਨੂੰ ਹੋਰ ਮਜਬੂਤ ਕੀਤਾ ਜਾਵੇ ਤਾਂ ਕਿ ਭਾਰੀ ਮੀਂਹ ਦੇ ਪਾਣੀ ਕਰਕੇ ਕਮਜ਼ੋਰ ਹੋ ਚੁੱਕੇ ਢਾਂਚੇ ਨੂੰ ਪੈਣ ਵਾਲੇ ਮੀਂਹ ਕਰਕੇ ਕੋਈ ਹੋਰ ਨੁਕਸਾਨ ਨਾ ਪੁੱਜੇ । ਇਸ ਮੌਕੇ ਏ. ਡੀ. ਸੀ. ਸਿਮਰਪ੍ਰੀਤ ਕੌਰ, ਵੀ. ਸੀ. ਰਾਹੀਂ ਸਮੂਹ ਐਸ. ਡੀ. ਐਮਜ, ਸੀ. ਐਮ. ਐਫ. ਓ. ਸਤੀਸ਼ ਚੰਦਰ, ਵਾਤਾਵਰਣ ਇੰਜੀਨੀਅਰ ਕੰਵਲਦੀਪ ਕੌਰ, ਉਪ-ਰਾਜਿਸਟਰਾਰ ਸਹਿਕਾਰੀ ਸਭਾਵਾਂ ਸੰਗਰਾਮ ਸਿੰਘ ਸੰਧੂ, ਏ. ਡੀ. ਓ. ਰਵਿੰਦਰਪਾਲ ਸਿੰਘ ਚੱਠਾ ਤੇ ਹੋਰ ਅਧਿਕਾਰੀ ਹਾਜ਼ਰ ਸਨ ।