
ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਨਹਿਰੀ ਪਾਣੀ ਪਾਇਪਲਾਈਨ ਪਾਉਣ ਦੇ ਕੰਮ ਦਾ ਜਾਇਜ਼ਾ
- by Jasbeer Singh
- August 26, 2025

ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਨਹਿਰੀ ਪਾਣੀ ਪਾਇਪਲਾਈਨ ਪਾਉਣ ਦੇ ਕੰਮ ਦਾ ਜਾਇਜ਼ਾ -ਅਗਲੇ ਚਾਰ ਦਿਨਾਂ 'ਚ ਪਾਈਪਲਾਈਨ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ, ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ -ਡਾ. ਪ੍ਰੀਤੀ ਯਾਦਵ ਪਟਿਆਲਾ, 26 ਅਗਸਤ 2025 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਸ਼ਹਿਰ 'ਚ 24X7 ਨਹਿਰੀ ਪਾਣੀ ਦੀ ਸਪਲਾਈ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਖੰਡਾ ਚੌਂਕ ਵਿਖੇ ਪਾਇਪਲਾਈਨ ਪਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਿਨ-ਰਾਤ ਕਰਕੇ ਇਹ ਕੰਮ ਛੇਤੀ ਮੁਕੰਮਲ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਲ ਐਂਡ ਟੀ ਕੰਪਨੀ ਵੱਲੋਂ ਖੰਡਾ ਚੌਂਕ ਵਿਖੇ ਕਰੀਬ 300 ਮੀਟਰ ਪਾਈਪਲਾਈਨ ਪਾਉਣ ਦੇ ਕੰਮ ਵਿੱਚੋਂ 200 ਮੀਟਰ ਪਾਈਪਾਈਨ ਪਾ ਦਿੱਤੀ ਗਈ ਹੈ ਅਤੇ ਬਾਕੀ ਦੇ 100 ਮੀਟਰ ਕੰਮ ਨੂੰ ਆਉਂਦੇ ਚਾਰ ਦਿਨਾਂ 'ਚ ਮੁਕੰਮਲ ਕਰ ਦਿੱਤਾ ਜਾਵੇਗਾ । ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਲਗਾ ਦਿੱਤਾ ਗਿਆ ਹੈ ਅਤੇ ਮੌਸਮ ਠੀਕ ਹੋਣ ਦੇ ਨਾਲ ਹੀ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰੰਤੂ ਉਸ ਸਮੇਂ ਤੱਕ ਸੜਕਾਂ ਨੂੰ ਚਲਣਯੋਗ ਬਣਾਉਣ ਲਈ ਹਦਾਇਤ ਕੀਤੀ ਗਈ ਹੈ ਤਾਂ ਕਿ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝ ਰਿਹਾ ਹੈ ਪਰੰਤੂ ਪਾਣੀ ਦੀ ਪਾਈਪਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਨੂੰ ਨਾਲੋ-ਨਾਲ ਠੀਕ ਵੀ ਕੀਤਾ ਜਾ ਰਿਹਾ ਹੈ ਅਤੇ ਖੰਡਾ ਚੌਂਕ ਨੇੜੇ ਆਵਾਜਾਈ ਦੇ ਬਦਲਵੇਂ ਰੂਟ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਰਿਚਾ ਗੋਇਲ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਵੀ ਮੌਜੂਦ ਸਨ ।