go to login
post

Jasbeer Singh

(Chief Editor)

Patiala News

ਕਿਸਾਨਾਂ ਵੱਲੋਂ ਪੁਲੀਸ ਲਾਈਨ ਅੱਗੇ ਧਰਨਾ

post-img

ਪਿੰਡ ਪੂਨੀਆਂ ਖਾਨਾ ’ਚ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਕੁਝ ਵਿਅਕਤੀਆਂ ਖ਼ਿਲਾਫ਼ ਦਰਜ ਹੋਏ ਕੇਸ ਨੂੰ ਬੇਬੁਨਿਆਦ ਆਖਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਇਥੇ ਪੁਲੀਸ ਲਾਈਨ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਸਾਬਕਾ ਇੰਸਪੈਕਟਰ ਦੇ ਖੇਤਾਂ ’ਚ ਕੰਮ ਕਰਦੇ ਵਿਅਕਤੀ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਇਹ ਕੇਸ ਝੂਠਾ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਕੁਝ ਦਲੀਲਾਂ ਵੀ ਦਿਤੀਆਂ। ਇਸ ਧਰਨੇ ਨੂੰ ਹਰਭਜਨ ਸਿੰਘ ਬੁੱਟਰ, ਹਰਭਜਨ ਸਿੰਘ ਧੂਹੜ, ਅਵਤਾਰ ਸਿੰਘ ਕੌਰਜੀਵਾਲਾ, ਸੁਖਵਿੰਦਰ ਸਿੰਘ ਤੁੱਲੇਵਾਲ ਸਮੇਤ ਕਈ ਹੋਰ ਯੂਨੀਅਨ ਆਗੂਆਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਪੂਨੀਆ ਖਾਨਾ ਵਿੱਚ ਇੱਕ ਸਾਂਝੀ ਖੇਵਟ ਨੂੰ ਲੈ ਕੇ ਇੱਕ ਸਾਬਕਾ ਇੰਸਪੈਕਟਰ ਨਾਲ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੀ ਇਸ ਇੰਸਪੈਕਟਰ ਦੇ ਬੰਦੇ ਵੱਲੋਂ ਦਰਜ ਬਿਆਨਾਂ ’ਤੇ ਹਰਜੀਤ ਸਿੰਘ ਘੋਲਾ, ਸੁਖਵਿੰਦਰ ਸਿੰਘ, ਗੁਰਪਿੰਦਰ ਗੋਲਡੀ, ਦੇਸ ਰਾਜ ਆਦਿ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਕੇਸ ਨੂੰ ਝੂਠਾ ਦੱਸਦਿਆਂ ਕਿਸਾਨ ਆਗੂਆਂ ਨੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਧਰਨੇ ਦੌਰਾਨ ਹੀ ਡੀਐੱਸਪੀ ਸਿਟੀ ਜੰਗਜੀਤ ਸਿੰਘ, ਡੀਐੱਸਪੀ ਰੂਰਲ ਗੁਰਪ੍ਰਾਤ ਢਿੱਲੋਂ ਸਮੇਤ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਵੀ ਪੁੱਜੇ। ਬਾਅਦ ’ਚ ਕਿਸਾਨ ਆਗੂਆਂ ਨਾਲ ਐੱਸਪੀ ਸਿਟੀ ਸਰਫਰਾਜ ਆਲਮ ਆਈਪੀਐੱਸ ਨੇ ਵੀ ਮੀਟਿੰਗ ਕੀਤੀ। ਜਿਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਸਿੱੱਟ ਦਾ ਗਠਿਨ ਕੀਤਾ ਜਿਸ ਨੂੰ ਆਪਣੀ ਰਿਪੋਰਟ ਛੇਤੀ ਦੇਣ ਲਈ ਆਖਿਆ ਗਿਆ। ਅੱਜ ਹੀ ਥਾਣਾ ਤ੍ਰਿਪੜੀ ਦੇ ਮੁਖੀ ਵਜੋਂ ਚਾਰਜ ਸੰਭਾਲਣ ਵਾਲੇ ਇੰਸਪੈਕਟਰ ਪ੍ਰਦੀਪ ਬਾਜਵਾ ਨੇ ਵੀ ਕਿਸਾਨਾਂ ਨਾਲ ਗੱੱਲਬਾਤ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਦਾ ਕਹਿਣਾ ਸੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਮੁੜ ਤੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

Related Post