
ਕੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਕਲਾਕਾਰ ‘ਸੋਢੀ’ ਨੇ ਗੁੰਮ ਹੋਣ ਦੀ ਯੋਜਨਾ ਖੁਦ ਬਣਾਈ ?
- by Aaksh News
- May 4, 2024

ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ‘ਸੋਢੀ’ ਦੀ ਭੂਮਿਕਾ ਨਾਲ ਮਸ਼ਹੂਰ ਟੈਲੀਵਿਜ਼ਨ ਕਲਾਕਾਰ ਗੁਰਚਰਨ ਸਿੰਘ ਦੇ ਪਿਛਲੇ ਮਹੀਨੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਤੋਂ ਬਾਅਦ ਸਾਰੇ ਚਿੰਤਤ ਹਨ। ਮੰਨਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਦਿੱਲੀ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਿਆ ਸੀ ਤੇ ਉਸ ਦੇ ਮੁੰਬਈ ਪਰਤਣ ਦੀ ਉਮੀਦ ਸੀ, ਪਰ 22 ਅਪਰੈਲ ਤੋਂ ਉਹ ਭੇਤਭਰੀ ਹਾਲਤ ’ਚ ਲਾਪਤਾ ਹੈ। ਪਤਾ ਲੱਗਿਆ ਹੈ ਕਿ 50 ਗੁਰਚਰਨ ਸਿੰਘ ਨਾ ਤਾਂ ਮੁੰਬਈ ਪਹੁੰਚਿਆ ਅਤੇ ਨਾ ਹੀ ਘਰ ਪਰਤਿਆ ਹੈ। ਉਸ ਦਾ ਫ਼ੋਨ ‘ਨੋਟ ਰਿਚੇਬਲ’ ਆ ਰਿਹਾ ਹੈ ਜਿਸ ਕਾਰਨ ਉਸ ਦੇ ਪਰਿਵਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਆਪਣੀ ਹਾਸਰਸ ਭੂਮਿਕਾ ਨਾਲ ਪ੍ਰਸਿੱਧ ਹੋਏ ਗੁਰੂਚਰਨ ਨੇ ਕੁਝ ਸਾਲ ਪਹਿਲਾਂ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ। ਪੁਲੀਸ ਨੇ ਗੁਰਚਰਨ ਦੇ ਪਿਤਾ ਦੀ ਸ਼ਿਕਾਇਤ ’ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਲੱਭਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ, ‘‘ਉਸ ਨੇ ਆਪਣਾ ਫ਼ੋਨ ਪਾਲਮ ਖੇਤਰ ਵਿੱਚ ਛੱਡ ਦਿੱਤਾ ਸੀ। ਅਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਫੋਨ ਨਾ ਹੋਣ ਕਰਕੇ ਵਿਅਕਤੀ ਨੂੰ ਟਰੇਸ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।’’ ਪੁਲੀਸ ਸੂਤਰਾਂ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਸ ਨੇ ਇੱਕ ਈ-ਰਿਕਸ਼ਾ ਤੋਂ ਦੂਜੇ ਈ-ਰਿਕਸ਼ਾ ਵਿੱਚ ਜਾਣ ਦੀ ਤਰ੍ਹਾਂ ਸਭ ਕੁਝ ਯੋਜਨਾਬੱਧ ਢੰਗ ਨਾਲ ਕੀਤਾ ਸੀ ਅਤੇ ਦਿੱਲੀ ਤੋਂ ਬਾਹਰ ਚਲਿਆ ਗਿਆ।