ਬਾਲ ਵਿਆਹ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਗਰੂਕਤਾ ਅਭਿਆਨ ਜਾਰੀ
- by Jasbeer Singh
- December 6, 2025
ਬਾਲ ਵਿਆਹ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਗਰੂਕਤਾ ਅਭਿਆਨ ਜਾਰੀ ਮਾਲੇਰਕੋਟਲਾ, 6 ਦਸੰਬਰ 2025 : ਬਾਲ ਵਿਆਹ ਨੂੰ ਰੋਕਣ ਅਤੇ ਸਮਾਜ ਨੂੰ ਇਸ ਗੰਭੀਰ ਮੁੱਦੇ ਪ੍ਰਤੀ ਸਚੇਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਵਿੱਚ ਵਿਆਪਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਕੜੀ ਹੇਠ ਮਾਲੇਰਕੋਟਲਾ ਦੇ ਵਾਰਡ ਨੰਬਰ 26 ਦੇ ਆਂਗਣਵਾੜੀ ਸੈਂਟਰ ਅਤੇ ਪਿੰਡ ਭੋਗੀਵਾਲ ਵਿਖੇ ਆਂਗਣਵਾੜੀ ਸੈਂਟਰ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਕੈਂਪ ਵਿੱਚ ਸੁਪਰਵਾਈਜ਼ਰ ਰੁਚੀ ਗੁਪਤਾ, ਤਬੱਸੁਮ, ਵਰਕਰ ਸੰਗੀਤਾ, ਸ਼ਰਨਜੀਤ ਕੌਰ, ਹੈਲਪਰ ਬਲਜੀਤ ਕੌਰ, ਮਧੂ ਸਮੇਤ ਕਈ ਮਹਿਲਾਵਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਬਾਲ ਵਿਆਹ ਨਿਰੋਧ ਅਧਿਨਿਯਮ, 2006 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਧਿਨਿਯਮ ਅਨੁਸਾਰ ਲੜਕੀ ਦੀ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਨਿਰਧਾਰਤ ਹੈ। ਘੱਟ ਉਮਰ ਵਿੱਚ ਵਿਆਹ ਕਰਵਾਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਇੱਕ ਲੱਖ ਰੁਪਏ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ । ਇਸ ਤੋਂ ਇਲਾਵਾ ਵਿਆਹ ਕਰਵਾਉਣ ਵਿੱਚ ਸ਼ਾਮਲ ਧਿਰਾਂ—ਜਿਵੇਂ ਕਿ ਮੈਰਿਜ ਪੈਲੇਸ ਮਾਲਕ, ਹਲਵਾਈ, ਟੈਂਟ ਹਾਊਸ, ਪੰਡਿਤ/ਪਾਦਰੀ/ਪਾਠੀ, ਗੁਰਦੁਆਰਾ ਜਾਂ ਹੋਰ ਧਾਰਮਿਕ ਸਥਾਨਾਂ ਦੇ ਸੇਵਾਦਾਰ, ਪ੍ਰਿੰਟਿੰਗ ਪ੍ਰੈਸ, ਬੈਂਡ ਪਾਰਟੀ ਅਤੇ ਸਜਾਵਟ ਕਰਨ ਵਾਲੇ-ਵਿਰੁੱਧ ਵੀ ਕਾਰਵਾਈ ਦੀ ਪ੍ਰਵਧਾਨ ਹੈ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਆਹ ਦੀ ਕੋਈ ਵੀ ਬੁਕਿੰਗ ਕਰਨ ਤੋਂ ਪਹਿਲਾਂ ਲੜਕੇ-ਲੜਕੀ ਦੀ ਉਮਰ ਦੀ ਵੈਰੀਫਿਕੇਸ਼ਨ ਕਰਨਾ ਲਾਜ਼ਮੀ ਹੈ । ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਪੁਲਿਸ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਇਸ ਅਭਿਆਨ ਅਧੀਨ ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ ਅਤੇ ਸਕੂਲ ਪ੍ਰਬੰਧਕਾਂ ਦੀ ਮਦਦ ਨਾਲ ਬਾਲ ਵਿਆਹ ਦੇ ਨੁਕਸਾਨ ਅਤੇ ਇਸਦੇ ਕਾਨੂੰਨੀ ਪੱਖ ਬਾਰੇ ਲਗਾਤਾਰ ਜਾਗਰੂਕਤਾ ਫੈਲਾਈ ਜਾ ਰਹੀ ਹੈ ।
