ਬਾਬਰੀ ਮਸਜਿਦ` ਦੇ ਨਿਰਮਾਣ ਲਈ ਮਿਲਿਆ 1.3 ਕਰੋੜ ਰੁਪਏ ਦਾ ਚੰਦਾ ਬੇਹਰਾਮਪੁਰ, 9 ਦਸੰਬਰ 2025 : ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ ਵੱਲੋਂ ਮੁਰਸਿ਼ਦਾਬਾਦ ਜਿ਼ਲੇ `ਚ `ਬਾਬਰੀ ਮਸਜਿਦ` ਦੀ ਸ਼ੈਲੀ `ਚ ਮਸਜਿਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਤੱਕ ਲਗਭਗ 1.3 ਕਰੋੜ ਰੁਪਏ ਦਾ ਚੰਦਾ ਇਕੱਠਾ ਹੋ ਚੁੱਕਾ ਹੈ। ਚੰਦੇ ਲਈ ਲਗਾਏ ਗਏ ਥਾਂ-ਥਾਂ ਦਾਨ ਪਾਤਰ ਕਬੀਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਚੰਦੇ ਲਈ ਥਾਂ-ਥਾਂ ਲਗਾਏ ਗਏ ਦਾਨ ਪਾਤਰ ਲਗਭਗ ਭਰ ਚੁੱਕੇ ਹਨ ਅਤੇ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਦੀ ਮਦਦ ਨਾਲ ਰਾਤ ਭਰ ਚੰਦੇ ਦੀ ਗਿਣਤੀ `ਚੱਲਦੀ ਰਹੀ। ਹੁਮਾਯੂੰ ਕਬੀਰ ਨੇ ਸ਼ਨੀਵਾਰ ਨੂੰ ਸੁਰੱਖਿਆ ਪ੍ਰਬੰਧਾਂ ਵਿਚਕਾਰ ਮੁਰਸ਼ਿਦਾਬਾਦ ਦੇ ਰੇਜੀਨਗਰ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ। ਉਸ ਨੇ ਜਾਣ-ਬੁੱਝ ਕੇ ਛੇ ਦਸੰਬਰ ਦਾ ਦਿਨ ਚੁਣਿਆ ਜੋ ਕਿ ਅਯੁੱਧਿਆ `ਚ `ਬਾਬਰੀ ਮਸਜਿਦ` ਦੇ ਢਾਹੇ ਜਾਣ ਦੀ ਵਰ੍ਹੇਗੰਢ ਹੈ । ਇਸ ਦੌਰਾਨ ਹੁਮਾਯੂੰ ਕਬੀਰ ਨੇ ਸੋਮਵਾਰ ਨੂੰ ਆਪਣੇ ਪਹਿਲਾਂ ਦੇ ਰੁਖ਼ ਤੋਂ ਪਲਟਦੇ ਹੋਏ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦੇਵੇਗਾ। ਕਬੀਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 22 ਦਸੰਬਰ ਨੂੰ ਇਕ ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ 17 ਦਸੰਬਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਵੇਗਾ।
