ਨਾਟਕ ਦੀ ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ਬਣਾ ਕੇ ਆਨੰਦ ਕਾਰਜ ਕਰਵਾਉਣ ਦੇ ਸੀਨ ਨੂੰ ਨਿਹੰਗਾਂ ਅਜਿਹਾ ਕਰਨ ਲਈ ਰੋਕਿਆ
- by Jasbeer Singh
- July 9, 2024
ਨਾਟਕ ਦੀ ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ਬਣਾ ਕੇ ਆਨੰਦ ਕਾਰਜ ਕਰਵਾਉਣ ਦੇ ਸੀਨ ਨੂੰ ਨਿਹੰਗਾਂ ਅਜਿਹਾ ਕਰਨ ਲਈ ਰੋਕਿਆ ਖਰੜ, 9 ਜੁਲਾਈ : ਪੰਜਾਬ ਦੇ ਨਗਰ ਘੜੂੰਆਂ ਵਿਖੇ ਅੱਜ ਇਕ ਹਿੰਦੀ ਨਾਟਕ ਦੀ ਚੱਲ ਰਹੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਅਨੰਦ ਕਾਰਜ ਕਰਵਾਉਣ ਦੇ ਚਲਦਿਆਂ ਨਿਹੰਗ ਸਿੰਘਾਂ ਵਲੋਂ ਸ਼ੂਟਿੰਗ ਵਾਲੀ ਜਗ੍ਹਾ ’ਤੇ ਜਾ ਕੇ ਸ਼ੂਟਿੰਗ ਦਾ ਕੰਮ ਰੋਕ ਦਿੱਤਾ ਗਿਆ। ਇਸ ਸਬੰਧੀ ਥਾਣਾ ਘੜੂੰਆਂ ਦੇ ਬਾਹਰ ਜਾਣਕਾਰੀ ਦਿੰਦਿਆਂ ਜੱਥੇਦਾਰ ਬਾਬਾ ਨਿਹਾਲ ਸਿੰਘ ਪਿੰਡ ਬਰੌਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੱਥੇਦਾਰ ਮੇਜਰ ਸਿੰਘ ਦਾ ਫੋਨ ਆਇਆ ਕਿ ਘੜੂੰਆਂ ਵਿਖੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਕੋਲ ਬੇਅਦਬੀ ਹੋਈ ਹੈ ,ਜਦੋਂ ਅਸੀਂ ਉਸ ਜਗ੍ਹਾ ’ਤੇ ਪਹੁੰਚੇ ਤਾਂ ਦੇਖਿਆ ਕਿ ਸ਼ੂਟਿੰਗ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰ ਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਚੌਰ ਸਾਹਿਬ, ਤਬਲੇ, ਤਿੰਨ ਗ੍ਰੰਥੀ ਸਿੰਘ ਮੌਜੂਦ ਸੀ, ਜੋ ਕਿ ਨਕਲੀ ਅਨੰਦ ਕਾਰਜ ਕਰਵਾਉਣ ਦੀ ਵੀਡੀਓ ਬਣਾ ਕੇ ਕੋਈ ਸੀਰੀਅਲ ਬਣਾ ਰਹੇ ਸੀ। ਉਨ੍ਹਾਂ ਕਿਹਾ ਕਿ ਸ਼ੂਟਿੰਗ ਕਰਨ ਵਾਲਿਆਂ ਅਤੇ ਨਾਟਕ ਦੇ ਮਾਲਕਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਫਿਲਮਾਂ ਜਾਂ ਨਾਟਕਾਂ ’ਚ ਅਸੀਂ ਸਿੱਖਾਂ ਦਾ ਅਨੰਦ ਕਾਰਜ ਦਿਖਾਉਣਾ ਹੈ ਤਾਂ ਉਹ ਨਕਲੀ ਸੈੱਟ ਲਗਾ ਕੇ ਹੀ ਫਿਲਮਾਇਆ ਜਾ ਸਕਦਾ ਹੈ ਕਿਉਂਕਿ ਸ਼ੂਟਿੰਗ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਤਾਂ ਰੱਖ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਈ ਫਿਲਮਾਂ `ਚ ਇਸ ਤਰ੍ਹਾਂ ਦਿਖਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਕਿ ਨਿਹੰਗ ਜੱਥੇਬੰਦੀ ਅਤੇ ਸ਼ੂਟਿੰਗ ਵਾਲਿਆਂ `ਚ ਝੜਪ ਹੋਈ ਹੈ ਤਾਂ ਉਹ ਮਸਲਾ ਸੁਲਝਾਉਣ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਸਮਾਜ ਨੂੰ ਆਪਣੇ ਧਰਮ ਸਬੰਧੀ ਦੱਸਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਸਬੰਧੀ ਸਪੱਸ਼ਟ ਕਰਨ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਕਿ ਨਹੀਂ।
