July 6, 2024 00:56:59
post

Jasbeer Singh

(Chief Editor)

Latest update

ਈਟੀਟੀ ਕਾਡਰ ਨੇ ਹਾਈਵੇਅ ਜਾਮ ਕਰਕੇ ਸਿੱਖਿਆ ਮੰਤਰੀ ਖ਼ਿਲਾਫ਼ ਕੱਢੀ ਭੜਾਸ

post-img

ਈਟੀਟੀ 5994 ਬੇਰੁਜ਼ਗਾਰ ਮਾਸਟਰ ਕਾਡਰ ਵੱਲੋਂ ਅੱਜ ਆਪਣੀ ਭਰਤੀ ਪ੍ਰੀਖਿਆ ਜੂਨ ਮਹੀਨੇ ਵਿਚ ਲੈਣ ਦੀ ਮੰਗ ਨੂੰ ਲੈ ਕੇ ਦੁਪਹਿਰ ਤਿੰਨ ਵਜੇ ਨੰਗਲ-ਚੰਡੀਗੜ੍ਹ ਹਾਈਵੇਅ ਜਾਮ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਈਟੀਟੀ 5994 ਕਾਡਰ ਵੱਲੋਂ ਰੋਡ ਜਾਮ ਕਰਨ ਦੇ ਕੀਤੇ ਐਲਾਨ ਤਹਿਤ ਮੰਗਲਵਾਰ ਨੂੰ ਸਵੇਰ ਤੋਂ ਹੀ ਪਿੰਡ ਗੰਭੀਰਪੁਰ ਪੁਲੀਸ ਛਾਉਣੀ ਬਣਿਆ ਰਿਹਾ। ਦੱਸਣਯੋਗ ਹੈ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਵੱਲੋਂ ਐਤਵਾਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਰੋਸ ਧਰਨਾ ਵੀ ਦਿੱਤਾ ਗਿਆ ਸੀ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਬੰਟੀ ਕੰਬੋਜ, ਹਰੀਸ਼ ਫਾਜ਼ਿਲਕਾ, ਕੁਲਵਿੰਦਰ ਬਰੇਟਾ, ਰਮੇਸ਼ ਅਬੋਹਰ, ਅਰਸ਼ ਬੱਲੂਆਣਾ, ਅਨਮੋਲ, ਆਦਰਸ਼ ਅਬੋਹਰ ਤੇ ਮਨਪ੍ਰੀਤ ਗੁਰੂ ਹਰਸਹਾਏ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਮੁੜ ਤੋਂ ਸਮੁੱਚੇ ਈਟੀਟੀ ਕਾਡਰ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੰਗਲ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਕਤ ਪੇਪਰ ਜੂਨ ਵਿੱਚ ਕਰਵਾਏ ਜਾਣ ਦਾ ਵਾਅਦਾ ਕੀਤਾ ਸੀ ਪਰ ਹੁਣ ਜਦੋਂ ਪੇਪਰ ਸਬੰਧੀ 5 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਪ੍ਰੀਖਿਆ ਦੀ ਮਿਤੀ 28 ਜੁਲਾਈ ਨਿਰਧਾਰਤ ਕਰ ਦਿੱਤੀ ਗਈ ਹੈ। ਆਗੂਆਂ ਨੇ ਆਖਿਆ ਕਿ ਉਕਤ 5994 ਭਰਤੀ ਪਹਿਲਾਂ ਹੀ ਡੇਢ ਸਾਲ ਤੋਂ ਅਦਾਲਤੀ ਚੱਕਰਾਂ ਵਿਚ ਉਲਝੀ ਹੋਈ ਹੈ। ਹੁਣ ਫਿਰ ਪੰਜਾਬ ਸਰਕਾਰ ਜਾਣਬੁੱਝ ਕੇ ਪ੍ਰੀਖਿਆ ਦੀ ਮਿਤੀ ਅੱਗੇ ਪਾ ਕੇ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਕਾਰਨ ਸਮੁੱਚੇ ਕਾਡਰ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਉਕਤ ਪੇਪਰ-ਏ ਜੂਨ ਵਿੱਚ ਕਰਵਾਇਆ ਜਾਵੇ। ਮੀਟਿੰਗ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ ਨੰਗਲ-ਚੰਡੀਗੜ੍ਹ ਹਾਈਵੇਅ ਜਾਮ ਦੌਰਾਨ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਮੀਟਿੰਗ ਕਰਵਾਏ ਜਾਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਈਟੀਟੀ 5994 ਯੂਨੀਅਨ ਦੇ ਆਗੂ ਸੜਕ ਤੋਂ ਹਟ ਗਏ ਤੇ ਪੁਲੀਸ ਨੇ ਆਵਾਜਾਈ ਬਹਾਲ ਕਰ ਦਿੱਤੀ। ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਢੁਕਵਾਂ ਹੱਲ ਨਾ ਕੱਢਿਆ ਤਾਂ ਨੰਗਲ-ਚੰਡੀਗੜ੍ਹ ਹਾਈਵੇਅ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ।

Related Post