post

Jasbeer Singh

(Chief Editor)

Punjab

ਸੰਗਰੂਰ ਜ਼ਿਲ੍ਹੇ 'ਚ ਝੋਨੇ ਦੇ ਖਰੀਦ ਪ੍ਰਬੰਧਾਂ 'ਤੇ ਕਿਸਾਨਾਂ ਨੇ ਪ੍ਰਗਟਾਈ ਤਸੱਲੀ

post-img

ਸੰਗਰੂਰ ਜ਼ਿਲ੍ਹੇ 'ਚ ਝੋਨੇ ਦੇ ਖਰੀਦ ਪ੍ਰਬੰਧਾਂ 'ਤੇ ਕਿਸਾਨਾਂ ਨੇ ਪ੍ਰਗਟਾਈ ਤਸੱਲੀ -ਮੰਡੀਆਂ 'ਚ ਪੀਣ ਵਾਲੇ ਪਾਣੀ ਤੇ ਸਾਫ਼ ਸਫ਼ਾਈ ਦੇ ਪੁਖਤਾ ਪ੍ਰਬੰਧ -ਕਿਸਾਨਾਂ ਨੂੰ ਮੰਡੀਆਂ 'ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਸ਼ੇਰਪੁਰ/ਧੂਰੀ/ਸੰਗਰੂਰ, 17 ਅਕਤੂਬਰ 2025 : ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਆਪਣੀ ਜਿਣਸ ਦੀ ਸਮੇਂ ਸਿਰ ਹੋ ਰਹੀ ਖਰੀਦ ਤੋਂ ਖੁਸ਼ ਹੋਏ ਕਿਸਾਨਾਂ ਨੇ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ ਕੀਤੇ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ । ਇਸ ਦੌਰਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਸਬ ਡਵੀਜਨ ਦੇ ਪਿੰਡ ਸ਼ੇਰਪੁਰ ਦੀ ਮੰਡੀ 'ਚ ਹੇੜੀਕੇ ਵਾਸੀ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਜਿਣਸ ਸ਼ੇਰਪੁਰ ਮੰਡੀ ਵਿਖੇ ਲੈ ਕੇ ਆਏ ਹਨ। ਪੰਜਾਬ ਸਰਕਾਰ ਵੱਲੋਂ ਮੰਡੀ ਵਿੱਚ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀ ਵਿੱਚ ਪੀਣ ਲਈ ਪਾਣੀ, ਲਾਈਟਾਂ ਅਤੇ ਪਖਾਨਿਆਂ ਸਮੇਤ ਝੋਨੇ ਦੀ ਨਾਲੋ ਨਾਲ ਖਰੀਦ ਅਤੇ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ। ਧੂਰੀ ਦੇ ਪਿੰਡ ਸਲੇਮਪੁਰ ਦੇ ਤਰਸੇਮ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਖਰੀਦ ਪ੍ਰਬੰਧ ਬਹੁਤ ਸੁਚਾਰੂ ਹਨ ਤੇ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਅਤੇ ਸਫਾਈ ਦਾ ਵੀ ਪੂਰਾ ਪ੍ਰਬੰਧ ਰੱਖਿਆ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਸਮੇਂ ਸਿਰ ਕੀਤੇ ਸੁਚਾਰੂ ਪ੍ਰਬੰਧਾਂ ਲਈ ਧੰਨਵਾਦ ਕੀਤਾ । ਸੰਗਰੂਰ ਜ਼ਿਲ੍ਹੇ ਦੇ ਡੀ. ਐਫ. ਐਸ. ਸੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬਾਬਤ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ । ਉਨ੍ਹਾਂ ਕਿਹਾ ਕਿ ਸੀਜ਼ਨ 2025-26 ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਕੁਲ 13,54,166 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ । ਬਾਰਦਾਨੇ ਦੀ ਕੋਈ ਕਮੀਂ ਨਹੀਂ ਹੈ । ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਨਾਲੋ ਨਾਲ ਖਰੀਦ ਅਤੇ ਲਿਫਟਿੰਗ ਯਕੀਨੀ ਬਣਾਈ ਜਾ ਸਕੇ । 

Related Post