post

Jasbeer Singh

(Chief Editor)

Patiala News

ਸ਼ੰਭੂ ਰੇਲਵੇ ਟਰੈਕ ਅਤੇ ਬਾਰਡਰ ’ਤੇ ਕਿਸਾਨਾਂ ਦਾ ਸੰਘਰਸ਼ ਜਾਰੀ

post-img

ਕਿਸਾਨੀ ਮੰਗਾਂ ਦੇ ਹੱਕ ਵਿੱਚ ਸ਼ੰਭੂ ਬਾਰਡਰ ’ਤੇ ਅੱਜ ਵੀ ਧਰਨਾ ਜਾਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਸ਼ੰਭੂ ਰੇਲਵੇ ਟਰੈਕ ’ਤੇ ਵੀ ਪਿਛਲੇ ਦਿਨਾਂ ਤੋਂ ਲਾਇਆ ਗਿਆ ਧਰਨਾ ਜਾਰੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਵੱਲੋਂ ਇਨ੍ਹਾਂ ਕਿਸਾਨਾਂ ਨੂੰ 27 ਅਪਰੈਲ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੋਇਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਕਿਸਾਨਾਂ ਦੀ ਰਿਹਾਈ ਨਾ ਹੋਈ ਤਾਂ ਉਹ 28 ਅਪਰੈਲ ਨੂੰ ਰੇਲਵੇ ਟਰੈਕਾਂ ’ਤੇ ਧਰਨੇ ਦੇਣਗੇ ਅਤੇ ਸੜਕਾਂ ’ਤੇ ਆਵਾਜਾਈ ਠੱਪ ਕਰਨਗੇ। ਇਸ ਸੰਘਰਸ਼ ਦੀ ਅਗਵਾਈ ਸੰਯੂਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਪਹਿਲੀ ਮਈ ਨੂੰ ਸ਼ੰਭੂ ਅਤੇ ਢਾਬੀਗੁੱੱਜਰਾਂ ਬਾਰਡਰਾਂ ’ਤੇ ਵੱਡੇ ਪੱਧਰ ’ਤੇ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ। ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਉੱਤਰੀ ਰੇਲਵੇ ਵੱਲੋਂ ਦੇਰ ਸ਼ਾਮ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਤੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਰਕੇ ਭਲਕੇ 28 ਅਪਰੈਲ ਨੂੰ ਕੁੱਲ 196 ਗੱਡੀਆਂ ਵਿਚੋਂ 71 ਗੱਡੀਆਂ ਰੱਦ ਰਹਿਣਗੀਆਂ। ਬਾਕੀ 125 ਗੱਡੀਆਂ ਦੇ ਰੂਟ ਬਦਲੇ ਗਏ ਹਨ। ਕੁਝ ਗੱਡੀਆਂ ਬਰਾਸਤਾ ਅੰਬਾਲਾ-ਚੰਡੀਗੜ੍ਹ-ਸਾਹਨੇਵਾਲ ਅਤੇ ਕੁਝ ਬਰਾਸਤਾ ਲੁਧਿਆਣਾ-ਧੂਰੀ-ਜਾਖ਼ਲ ਚਲਾਈਆਂ ਜਾ ਰਹੀਆਂ ਹਨ।

Related Post