
ਮੁਸ਼ਕਿਲਾਂ ਨਾਲ ਜੂਝ ਰਹੇ ਕਿਸਾਨ ਮੋਰਚਿਆਂ ’ਤੇ ਡਿਊਟੀ ਦੇਣ ਵਾਲੇ ਡਾਕਟਰ, ਪਾਣੀ ਤੇ ਪੱਖੇ ਦੀ ਹਵਾ ਨੂੰ ਵੀ ਤਸਰ ਰਹੇ ਪੀਸੀ
- by Aaksh News
- June 9, 2024

ਪੀਸੀਐੱਮ ਅਫਸਰਾਂ (PCM Officers) ਵੱਲੋਂ ਕਿਸਾਨ ਅੰਦੋਲਨ (Kisan Andolan) ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ, ਢਾਬੀ ਗੁਜਰਾਂ ਤੇ ਸੰਗਰੂਰ ਖਨੋਰੀ ਸਰਹੱਦਾਂ ’ਤੇ ਬਿਨਾ ਕਿਸੇ ਸਹੂਲਤ ਤੋਂ ਡਿਊਟੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਮੈਡੀਕਲ ਅਫਸਰ (Medical Officer) ਜ਼ਿਲ੍ਹਾ ਹੈੱਡ ਕੁਆਟਰਾਂ ਤੋਂ 60-70 ਕਿਲੋਮੀਟਰ ਦੂਰ ਆਪਣੇ ਵਾਹਨਾਂ ’ਤੇ ਜਾਂਦੇ ਹਨ, ਇਨ੍ਹਾਂ ਨੂੰ ਕਿਸੇ ਕਿਸਮ ਦਾ ਵਾਧੂ ਭੱਤਾ ਨਹੀਂ ਦਿੱਤਾ ਜਾਂਦਾ। ਡਿਊਟੀ ਦੌਰਾਨ ਵੀ ਇਨ੍ਹਾਂ ਦੇ ਬੈਠਣ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਲੂ ਦੇ ਥਪੇੜੇ ਹੋਣ ਜਾਂ ਮੀਹ ਝੱਖੜ ਇਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਸ਼ੰਭੂ ਬਾਰਡ ’ਤੇ ਚਾਨਣੀਆਂ ਲਗਾ ਕੇ ਬਣਾਏ ਗਏ ਹੈਲਥ ਬੂਥ ਨੂੰ ਹਨੇਰੀ ਉਡਾ ਕੇ ਲੈ ਗਈ ਹੈ। ਪੰਜਾਬ ਅਤੇ ਹਰਿਆਣਾ ਬਾਰਡਰਾਂ ’ਤੇ 108 ਐਂਬੂਲੈਂਸਾਂ ਸਥਾਈ ਤੌਰ ’ਤੇ ਸਿਹਤ ਸੰਭਾਲ ਸਟਾਫ ਦੇ ਨਾਲ ਤਾਇਨਾਤ ਹਨ, ਜਿਸ ਵਿੱਚ ਰੂਰਲ ਮੈਡੀਕਲ ਅਫਸਰਾਂ ਅਤੇ ਇੱਥੋਂ ਤੱਕ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀਸੀਐੱਮਐੱਸ) ਮੈਡੀਕਲ ਅਫਸਰਾਂ ਦੇ ਗਜ਼ਟਿਡ ਕਾਡਰ ਦੇ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਡਿਊਟੀ ਮੈਜਿਸਟੇ੍ਰਟ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਪ੍ਰਦਰਸ਼ਨਕਾਰੀਆਂ ਦੀ ਸੇਵਾ ’ਚ 24 ਘੰਟੇ ਤਾਇਨਾਤ ਕੀਤਾ ਗਿਆ ਹੈ। ਡਿਊਟੀ ਮੈਜਿਸਟਰੇਟ ਹੋਵੇ ਜਾਂ ਡਾਕਟਰ, ਜਾਂ ਪੈਰਾਮੈਡਿਕਸ, ਸਾਰਿਆਂ ਨੂੰ ਜਾਂ ਤਾਂ ਆਪਣੇ ਨਿੱਜੀ ਵਾਹਨਾਂ ਵਿੱਚ ਰਾਤ ਕੱਟਣੀ ਪੈ ਰਹੀ ਹੈ ਜਾਂ ਫਿਰ ਖੁੱਲ੍ਹੇ ਅਸਮਾਨ ਹੇਠ ਤੂੜੀ ਵਾਲੇ ਬੈੱਡਾਂ ’ਤੇ ਮੱਛਰਾਂ ਦੇ ਨਾਲ ਸੌਣਾ ਪੈਂਦਾ ਹੈ। ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਇਨ੍ਹਾਂ ਡਿਊਟੀਆਂ ’ਤੇ ਪੈਟਰੋਲ ਜਾਂ ਹੋਰ ਭੱਤਾ ਨਹੀਂ ਦਿੱਤਾ ਜਾਂਦਾ ਹੈ। ਖਰਚੇ ਵਧ ਗਏ ਹਨ ਅਤੇ ਇਹ 8-10 ਡਿਊਟੀਆਂ ਅਕਸਰ ਕਰਮਚਾਰੀਆਂ ’ਤੇ ਵਿੱਤੀ ਬੋਝ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਕਰਮਚਾਰੀ ਅਜੇ ਵੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਖਾਸ ਕਰਕੇ ਸਿਹਤ ਕਰਮਚਾਰੀਆਂ ਨੂੰ ਕੋਈ ਆਸਰਾ ਜਾਂ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ ਹਨ। ਖੁਦ ਨੂੰ ਦਬਾਅ ਹੇਠ ਮਹਿਸੂਸ ਕਰ ਰਿਹਾ ਪੀਸੀਐੱਮ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਕੈਡਰ (ਪੀਸੀਐੱਮ) ਆਪਣੇ ਆਪ ਨੂੰ ਦਬਾਅ ਹੇਠ ਮਹਿਸੂਸ ਕਰ ਰਿਹਾ ਹੈ, ਇਸ ਦਾ ਕਾਰਨ ਸਮਝੀਏ ਤਾਂ ਇਹ ਮੈਡੀਕਲ ਅਫਸਰ ਬਹੁਤ ਸਾਰੀਆਂ ਡਿਊਟੀਆਂ ਨਿਭਾਉਂਦੇ ਹਨ। ਜਿਸ ’ਚ ਵੀਆਈਪੀਜ਼ ਦੇ ਨਾਲ ਮੈਡੀਕਲ ਟੀਮ ਦੇ ਹਿੱਸੇ ਵਜੋਂ ਫੀਲਡ ਵਿੱਚ ਤਾਇਨਾਤ ਹੋਣਾ, ਮੇਲਿਆਂ ਜਾਂ ਖੇਡ ਸਮਾਗਮਾਂ, ਧਰਨਿਆਂ ਤੇ ਅਦਾਲਤਾਂ ਆਦਿ ’ਚ ਉਨ੍ਹਾਂ ਦੀ ਹਾਜ਼ਰੀ ਦੀ ਲੋੜ ਵਾਲੇ ਕੇਸ ਵਿਚ ਡਿਊਟੀਆਂ ਦੇਣੀਆਂ ਪੈਂਦੀਆਂ ਹਨ। ਇਹ ਮੈਡੀਕਲ ਅਮਲਾ ਮਹੀਨੇ ਦੇ 25 ਕੰਮਕਾਜ਼ੀ ਦਿਨਾਂ ਦੌਰਾਨ 15 ਦਿਨ ਇਨ੍ਹਾਂ ਬੇਲੋੜੀਆਂ ਡਿਊਟੀਆਂ ਵਿਚ ਹੀ ਜਾਂਦਾ ਹੈ, ਜਿਸ ਕਰ ਕੇ ਅਸਲ ਹੋਣ ਵਾਲੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿੱਚ ਡਾਕਟਰਾਂ ਨੂੰ ਬਿਨਾਂ ਕਿਸੇ ਰਸਮੀ ਦਾਖਲਾ ਪ੍ਰੀਖਿਆ ਦੇ, ਸਿਰਫ਼ ਇੱਕ ਇੰਟਰਵਿਊ ਦੇ ਆਧਾਰ ’ਤੇ ਨਿਯੁਕਤ ਕੀਤਾ ਹੈ। ਜੋਕਿ ਸਿਫਰ ਕਲੀਨਿਕ ’ਚ ਓਪੀਡੀ ਡਿਊਟੀ ਕਰਦੇ ਹਨ, ਉਨ੍ਹਾਂ ਨੂੰ ਕੋਈ ਹੋਰ ਡਿਊਟੀ ਨਹੀਂ ਦਿੱਤੀ ਗਈ ਹੈ। ਇਸ ਦੇ ਉਲਟ, ਪੀਸੀਐੱਮਐੱਸ ਡਾਕਟਰ ਸਿਰਫ਼ ਮੈਡੀਕਲ ਅਫ਼ਸਰ ਨਹੀਂ ਹਨ, ਸਗੋਂ ਗਰੁੱਪ ਏ ਦੇ ਗਜ਼ਟਿਡ ਅਫ਼ਸਰ ਹਨ, ਜਿਨ੍ਹਾਂ ਨੂੰ ਘੱਟ ਸੁਵਿਧਾਵਾਂ ਦੇ ਨਾਲ ਦੂਰ-ਦੁਰਾਡੇ ਅਤੇ ਖ਼ਤਰਨਾਕ ਮਾਹੌਲ ’ਚ ਡਿਊਟੀ ’ਤੇ ਭੇਜਿਆ ਜਾਂਦਾ ਹੈ। ਜਿਸ ’ਚ ਬਹੁਤ ਸਾਰੀਆਂ ਵਾਧੂ-ਕਲੀਨਿਕਲ, ਮੈਡੀਕਲ ਅਤੇ ਅਰਧ-ਨਿਆਇਕ ਡਿਊਟੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਮਕਾਲੀਆਂ ਜਿਵੇਂ ਕਿ ਪੀਸੀਐੱਸ ਅਫਸਰਾਂ, ਤਹਿਸੀਲਦਾਰਾਂ, ਬੀਡੀਪੀਓਜ਼, ਆਦਿ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਿੱਚੋਂ ਕੋਈ ਵੀ ਸਹੂਲਤ ਇਨ੍ਹਾਂ ਮੈਡੀਕਲ ਅਫਸਰਾਂ ਨੂੰ ਨਹੀਂ ਦਿੱਤੀ ਜਾ ਰਹੀ। ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ : ਡੀਸੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਮੁੁੱਚਾ ਸਟਾਫ ਵਧੀਆ ਡਿਊਟੀ ਨਿਭਾ ਰਿਹਾ ਹੈ। ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਇਜ਼ਾ ਲਿਆ ਜਾਵੇਗਾ, ਸਬੰਧਤ ਅਧਿਕਾਰੀਆਂ ਨੂੰ ਇਸਦਾ ਤੁੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।